World >> The Tribune


ਅਤਿਵਾਦ ਨਾਲ ‘ਬਿਮਸਟੈਕ’ ਮੁਲਕ ਰਲ ਕੇ ਨਜਿੱਠਣ: ਜੈਸ਼ੰਕਰ


Link [2022-03-30 04:15:22]



ਕੋਲੰਬੋ, 29 ਮਾਰਚ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ 'ਬਿਮਸਟੈਕ' ਗਰੁੱਪ ਦੇ ਮੈਂਬਰ ਮੁਲਕਾਂ ਨੂੰ ਦਹਿਸ਼ਤਗਰਦੀ ਤੇ ਹਿੰਸਕ ਕੱਟੜਵਾਦ ਨਾਲ ਇਕਜੁੱਟ ਹੋ ਕੇ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਭਾਰਤ ਵੱਲੋਂ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦੀ ਵਚਨਬੱਧਤਾ ਵੀ ਜ਼ਾਹਿਰ ਕੀਤੀ। ਇਨ੍ਹਾਂ ਵਿਚ ਸੰਪਰਕ, ਊਰਜਾ ਤੇ ਸਮੁੰਦਰੀ ਖੇਤਰ ਸ਼ਾਮਲ ਹਨ।

ਕੋਲੰਬੋ ਵਿਚ 18ਵੀਂ ਮੰਤਰੀ ਪੱਧਰ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਯੂਕਰੇਨ ਦੀ ਸਥਿਤੀ ਬਾਰੇ ਵੀ ਗੱਲ ਕੀਤੀ ਤੇ ਕਿਹਾ ਕਿ ਆਲਮੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਣ ਪੱਕੇ ਤੌਰ 'ਤੇ ਨਹੀਂ ਲਿਆ ਜਾ ਸਕਦਾ। ਕੌਮਾਂਤਰੀ ਢਾਂਚਾ ਬਹੁਤ ਹੀ ਚੁਣੌਤੀਪੂਰਨ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਤੋਂ ਵਿਸ਼ਵ ਹਾਲੇ ਪੂਰੀ ਤਰ੍ਹਾਂ ਉੱਭਰਿਆ ਨਹੀਂ ਸੀ ਤੇ ਹੁਣ ਯੂਕਰੇਨ ਦੇ ਸੰਕਟ ਨੇ ਮੁਸ਼ਕਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਨੂੰ ਆਲਮੀ ਤੇ ਘਰੇਲੂ ਪੱਧਰ ਉਤੇ ਵਿੱਤੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

'ਬਿਮਸਟੈਕ' ਗਰੁੱਪ ਵਿਚ ਭਾਰਤ ਤੋਂ ਇਲਾਵਾ ਸ੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਨੇਪਾਲ ਦੇ ਭੂਟਾਨ ਸ਼ਾਮਲ ਹਨ। ਇਸੇ ਦੌਰਾਨ ਭਾਰਤ ਅਤੇ ਸ੍ਰੀਲੰਕਾ ਨੇ ਜਾਫਨਾ ਵਿੱਚ ਤਿੰਨ ਬਿਜਲੀ ਪਲਾਂਟ ਸ਼ੁਰੂ ਕਰਨ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਦੱਸਣਯੋਗ ਹੈ ਕਿ ਚੀਨ ਦੀ ਕੰਪਨੀ ਵੀ ਜਾਫਨਾ ਤੱਟ 'ਤੇ ਨਵਿਆਉਣਯੋਗ ਊਰਜਾ ਪਲਾਂਟ ਸਥਾਪਤ ਕਰ ਰਹੀ ਹੈ ਜਿਸ ਉਤੇ ਭਾਰਤ ਨੇ ਇਤਰਾਜ਼ ਕੀਤਾ ਸੀ। ਇਹ ਥਾਂ ਭਾਰਤੀ ਸੂਬੇ ਤਾਮਿਲਨਾਡੂ ਦੇ ਨਜ਼ਦੀਕ ਹੈ। -ਪੀਟੀਆਈ

ਸ੍ਰੀਲੰਕਾ ਦੇ ਹਸਪਤਾਲ ਲਈ ਮਦਦ ਦੇਵੇਗਾ ਭਾਰਤ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਉਸ ਹਸਪਤਾਲ ਦੀ ਮਦਦ ਕਰਨ ਨੂੰ ਕਿਹਾ ਹੈ ਜਿੱਥੇ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਅਪਰੇਸ਼ਨ ਮੁਲਤਵੀ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਸ੍ਰੀਲੰਕਾ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੈਂਡੀ ਜ਼ਿਲ੍ਹੇ ਦੇ ਹਸਪਤਾਲ ਦੇ ਡਾਇਰੈਕਟਰ ਨੇ ਦਵਾਈਆਂ ਦੀ ਘਾਟ ਕਾਰਨ ਅਪਰੇਸ਼ਨ ਟਾਲਣ ਦਾ ਐਲਾਨ ਕੀਤਾ ਸੀ।



Most Read

2024-09-20 19:30:34