World >> The Tribune


ਯੂਕਰੇਨ ਜੰਗ: ਰੂਸ ਵੱਲੋਂ ਦਾਗ਼ੀ ਮਿਜ਼ਾਈਲ ਨਾਲ ਸੱਤ ਮੌਤਾਂ


Link [2022-03-30 04:15:22]



ਕੋਪਨਹੇਗਨ, 29 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਦੇਸ਼ ਦੇ ਦੱਖਣੀ ਹਿੱਸੇ ਦੇ ਸ਼ਹਿਰ ਮੀਕੋਲਈਵ ਵਿਚ ਸਰਕਾਰੀ ਇਮਾਰਤ 'ਤੇ ਰੂਸ ਵੱਲੋਂ ਦਾਗੀ ਗਈ ਮਿਜ਼ਾਈਲ ਕਾਰਨ ਸੱਤ ਜਣੇ ਮਾਰੇ ਗਏ ਹਨ। ਜ਼ੇਲੈਂਸਕੀ ਨੇ ਅੱਜ ਡੈੱਨਮਾਰਕ ਦੀ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਮਲੇ ਵਿਚ 22 ਜਣੇ ਜ਼ਖ਼ਮੀ ਵੀ ਹੋ ਗਏ ਹਨ। ਸ਼ਹਿਰ ਦੇ ਗਵਰਨਰ ਨੇ ਇਕ ਫੋਟੋ ਪੋਸਟ ਕੀਤੀ ਹੈ ਜਿਸ ਵਿਚ ਨੁਕਸਾਨੀ ਗਈ ਨੌਂ ਮੰਜ਼ਿਲਾ ਇਮਾਰਤ ਨਜ਼ਰ ਆ ਰਹੀ ਹੈ। ਗਵਰਨਰ ਨੇ ਕਿਹਾ ਕਿ ਰੂਸੀ ਫ਼ੌਜ ਨੇ ਲੋਕਾਂ ਦੇ ਦਫ਼ਤਰ ਆਉਣ ਦਾ ਇੰਤਜ਼ਾਰ ਕੀਤਾ ਤੇ ਮਗਰੋਂ ਮਿਜ਼ਾਈਲ ਦਾਗ਼ ਦਿੱਤੀ। ਜ਼ੇਲੈਂਸਕੀ ਨੇ ਅੱਜ ਜਾਣਕਾਰੀ ਦਿੱਤੀ ਕਿ ਉਹ ਭਲਕੇ ਨਾਰਵੇ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਅੱਜ ਕਿਹਾ ਕਿ ਵਿਸ਼ੇਸ਼ ਫ਼ੌਜੀ ਅਪਰੇਸ਼ਨ ਯੂਕਰੇਨ ਵਿਚ ਉਦੋ ਤੱਕ ਜਾਰੀ ਰਹੇਗਾ ਜਦ ਤੱਕ ਮਿੱਥੇ ਗਏ ਟੀਚੇ ਹਾਸਲ ਨਹੀਂ ਕਰ ਲਏ ਜਾਂਦੇ। ਰੂਸੀ ਮੰਤਰੀ ਨੇ ਯੂਕਰੇਨ ਨੂੰ ਮਾਰੂ ਹਥਿਆਰ ਦੇਣ ਲਈ ਪੱਛਮੀ ਮੁਲਕਾਂ ਦੀ ਨਿਖੇਧੀ ਵੀ ਕੀਤੀ। -ਏਪੀ/ਰਾਇਟਰਜ਼

ਯੂਕਰੇਨ ਦੇ ਇਕ ਕਸਬੇ 'ਚੋਂ ਨਿਕਲੀ ਰੂਸੀ ਫ਼ੌਜ, ਲੋਕਾਂ ਨੂੰ ਸੁੱਖ ਦਾ ਸਾਹ

ਯੂਕਰੇਨੀ ਫ਼ੌਜ ਨੇ ਰੂਸੀ ਸਰਹੱਦ ਨੇੜਲੇ ਟ੍ਰੌਸਟਿਆਨੈੱਟਸ ਕਸਬੇ ਉਤੇ ਮੁੜ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਇੱਥੇ ਰੂਸੀ ਫ਼ੌਜ ਮੌਜੂਦ ਸੀ। ਕਸਬੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਯੂਕਰੇਨੀ ਬਲਾਂ ਨੇ ਇੱਥੇ ਇਕ ਟੈਂਕ ਉਤੇ ਚੜ੍ਹ ਕੇ ਜੇਤੂ ਨਿਸ਼ਾਨ ਬਣਾਏ। ਹਾਲਾਂਕਿ ਸ਼ਹਿਰ ਦਾ ਵੱਡਾ ਨੁਕਸਾਨ ਹੋਇਆ ਹੈ। ਹਸਪਤਾਲ, ਰੇਲਵੇ ਸਟੇਸ਼ਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਜਲੇ ਹੋਏ ਰੂਸੀ ਟੈਂਕ ਵੀ ਇੱਥੇ ਮੌਜੂਦ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਰੂਸੀ ਫ਼ੌਜ ਸ਼ਹਿਰ ਛੱਡ ਕੇ ਕਿੱਥੇ ਚਲੀ ਗਈ ਹੈ।

ਪੂਤਿਨ ਦੀ ਆਲੋਚਨਾ ਕਰਨ ਵਾਲਾ ਪ੍ਰਮੁੱਖ ਰੂਸੀ ਅਖ਼ਬਾਰ ਬੰਦ

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਆਲੋਚਨਾ ਕਰਨ ਵਾਲਾ ਪ੍ਰਮੁੱਖ ਅਖ਼ਬਾਰ ਰੂਸੀ ਅਧਿਕਾਰੀਆਂ ਦੇ ਦਬਾਅ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਅਖ਼ਬਾਰ ਦੇ ਸੰਪਾਦਕ ਨੇ ਮੁਸ਼ਕਲ ਹਾਲਾਤ ਵਿੱਚ ਦਲੇਰੀ ਨਾਲ ਰਿਪੋਰਟਿੰਗ ਕਰਨ ਲਈ ਲਗਪਗ ਛੇ ਮਹੀਨੇ ਪਹਿਲਾਂ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ। ਅਖਬਾਰ 'ਨੋਵਾਯਾ ਗਜ਼ੇਟਾ' ਨੇ ਕਿਹਾ ਕਿ ਇਹ ਅਖ਼ਬਾਰ ਯੂਕਰੇਨ ਵਿੱਚ 'ਵਿਸ਼ੇਸ਼ ਅਪਰੇਸ਼ਨ', ਜਿਸ ਸ਼ਬਦ ਦੀ ਵਰਤੋਂ ਕਰਨ ਲਈ ਰੂਸੀ ਪ੍ਰਸ਼ਾਸਨ ਵੱਲੋਂ ਮੀਡੀਆ 'ਤੇ ਜ਼ੋਰ ਪਾਇਆ ਜਾਂਦਾ ਹੈ, ਮੁਕੰਮਲ ਹੋਣ ਤੱਕ ਬੰਦ ਰਹੇਗਾ। ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਕਰਨ ਮਗਰੋਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਰਕਾਰ ਦੀ ਆਲੋਚਨਾ ਕਰਨ ਵਾਲਾ ਇਹ ਸਭ ਤੋਂ ਵੱਡਾ ਆਖ਼ਰੀ ਆਜ਼ਾਦ ਅਖ਼ਬਾਰ ਸੀ। ਇਸ ਤੋਂ ਪਹਿਲਾਂ ਜਾਂ ਤਾਂ ਕਈਆਂ ਨੇ ਆਪਣੇ ਦਰਵਾਜ਼ੇ ਭੇੜ ਲਏ ਸਨ ਜਾਂ ਉਨ੍ਹਾਂ ਦੀਆਂ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ। -ਏਪੀ



Most Read

2024-09-20 19:46:03