World >> The Tribune


ਅਮਰੀਕਾ ਵੱਲੋਂ ਹਿੰਦ-ਪ੍ਰਸ਼ਾਂਤ ਲਈ ਵਿਸ਼ੇਸ਼ ਰਣਨੀਤੀ ਜਾਰੀ


Link [2022-03-30 04:15:22]



ਵਾਸ਼ਿੰਗਟਨ, 29 ਮਾਰਚ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੀ ਹਿੰਦ-ਪ੍ਰਸ਼ਾਂਤ ਰਣਨੀਤੀ ਲਈ 1.8 ਅਰਬ ਡਾਲਰ ਦੀ ਤਜਵੀਜ਼ ਰੱਖੀ ਹੈ। ਇਸ ਤੋਂ ਇਲਾਵਾ 40 ਕਰੋੜ ਡਾਲਰ ਇਸ ਰਣਨੀਤਕ ਪੱਖੋਂ ਅਹਿਮ ਖੇਤਰ ਵਿਚ ਚੀਨ ਦੇ ਹਮਲਾਵਰ ਰੁਖ਼ ਦਾ ਟਾਕਰਾ ਕਰਨ ਲਈ ਰੱਖੇ ਗਏ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ, ਭਾਰਤ ਤੇ ਹੋਰ ਕਈ ਵਿਸ਼ਵ ਪੱਧਰੀ ਤਾਕਤਾਂ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸਾਰਿਆਂ ਲਈ ਖੁੱਲ੍ਹਾ ਰੱਖਣ ਦੇ ਹੱਕ ਵਿਚ ਹਨ ਜਦਕਿ ਚੀਨ ਇਸ ਖੇਤਰ ਵਿਚ ਆਪਣੇ ਰਸੂਖ਼ ਨੂੰ ਫ਼ੌਜੀ ਗਤੀਵਿਧੀਆਂ ਰਾਹੀਂ ਵਧਾ ਰਿਹਾ ਹੈ। ਬਾਇਡਨ ਨੇ ਅੱਜ ਕਿਹਾ ਕਿ ਹਿੰਦ-ਪ੍ਰਸ਼ਾਂਤ ਵਿਚ ਅਮਰੀਕਾ ਆਪਣੀ ਭੂਮਿਕਾ ਨੂੰ ਮਜ਼ਬੂਤ ਕਰ ਰਿਹਾ ਹੈ ਤੇ ਪੁਰਾਣੇ ਭਾਈਵਾਲਾਂ ਨਾਲ ਸਹਿਯੋਗ ਵਧਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ, ਹਿੰਦ-ਪ੍ਰਸ਼ਾਂਤ ਖੇਤਰ ਦੇ ਮੁਲਕਾਂ ਤੇ ਯੂਰੋਪ ਦਰਮਿਆਨ ਮਜ਼ਬੂਤ ਤਾਲਮੇਲ ਦੀ ਵੀ ਹਮਾਇਤ ਕਰ ਰਿਹਾ ਹੈ। ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਨੇ ਚੀਨ ਦੇ ਨਾਲ ਰਣਨੀਤਕ ਮੁਕਾਬਲੇ ਨੂੰ ਤਰਜੀਹ ਦਿੱਤੀ ਹੈ ਤੇ ਸਾਥੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਪੇਈਚਿੰਗ ਤੇ ਮਾਸਕੋ ਦੇ ਹਮਲਾਵਰ ਰੁਖ਼ ਦਾ ਟਾਕਰਾ ਕੀਤਾ ਜਾ ਰਿਹਾ ਹੈ। ਹਿੰਦ-ਪ੍ਰਸ਼ਾਂਤ ਖੇਤਰ ਲਈ ਇਹ ਦੋਵੇਂ ਤਜਵੀਜ਼ਾਂ ਅਮਰੀਕਾ ਦੇ ਸਾਲ 2023 ਦੇ 773 ਅਰਬ ਡਾਲਰ ਦੇ ਸਾਲਾਨਾ ਬਜਟ ਦਾ ਹਿੱਸਾ ਹਨ। ਬਜਟ ਨੂੰ ਵਾਈਟ ਹਾਊਸ ਨੇ ਕਾਂਗਰਸ ਦੀ ਮਨਜ਼ੂਰੀ ਲਈ ਭੇਜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਚੀਨ ਲਗਭਗ ਸਾਰੇ ਵਿਵਾਦਤ ਦੱਖਣੀ ਚੀਨ ਸਾਗਰ ਉਤੇ ਦਾਅਵਾ ਜਤਾਉਂਦਾ ਹੈ। ਜਦਕਿ ਤਾਇਵਾਨ, ਫਿਲੀਪੀਨਜ਼, ਬਰੂਨੇਈ, ਮਲੇਸ਼ੀਆ ਤੇ ਵੀਅਤਨਾਮ ਸਾਰੇ ਇਸ ਦੇ ਵੱਖ-ਵੱਖ ਹਿੱਸਿਆਂ 'ਤੇ ਆਪਣਾ ਦਾਅਵਾ ਜਤਾਉਂਦੇ ਰਹੇ ਹਨ। ਚੀਨ ਨੇ ਦੱਖਣੀ ਚੀਨ ਸਾਗਰ ਵਿਚ ਆਰਜ਼ੀ ਟਾਪੂ ਤੇ ਫ਼ੌਜੀ ਟਿਕਾਣੇ ਬਣਾ ਲਏ ਹਨ। ਵੱਖ-ਵੱਖ ਤਰ੍ਹਾਂ ਦੇ ਸਰੋਤਾਂ ਨਾਲ ਭਰਪੂਰ ਹਿੰਦ-ਪ੍ਰਸ਼ਾਂਤ ਇਸ ਖੇਤਰ ਦੀ ਜੀਵਨ ਰੇਖਾ ਹੈ ਅਤੇ ਵਪਾਰਕ ਪੱਖ ਤੋਂ ਵੀ ਮਹੱਤਵਪੂਰਨ ਹੈ। ਅਮਰੀਕਾ ਨੇ ਆਪਣੇ ਰੱਖਿਆ ਬਜਟ ਵਿਚ ਯੂਕਰੇਨ ਲਈ ਵੀ 60 ਕਰੋੜ ਡਾਲਰ ਤੋਂ ਵੱਧ ਦੀ ਤਜਵੀਜ਼ ਰੱਖੀ ਹੈ। -ਪੀਟੀਆਈ

ਪੂਤਿਨ ਬਾਰੇ ਟਿੱਪਣੀ ਲਈ ਕੋਈ ਮੁਆਫ਼ੀ ਨਹੀਂ ਮੰਗਾਂਗਾ: ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਉਹ ਆਪਣੀ ਉਸ ਟਿੱਪਣੀ ਲਈ 'ਕੋਈ ਮੁਆਫ਼ੀ' ਨਹੀਂ ਮੰਗਣਗੇ ਤੇ ਨਾ ਹੀ ਉਸ ਤੋਂ ਪਿੱਛੇ ਹਟਣਗੇ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ 'ਸੱਤਾ ਵਿਚ ਨਹੀਂ ਰਹਿ ਸਕਦੇ।' ਬਾਇਡਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ 'ਨੈਤਿਕ ਪੱਖੋਂ ਨਿਕਲਿਆ ਉਨ੍ਹਾਂ ਦਾ ਗੁੱਸਾ ਸੀ' ਜੋ ਉਨ੍ਹਾਂ ਯੂਕਰੇਨ ਉਤੇ ਰੂਸ ਦੇ ਹਮਲੇ ਮਗਰੋਂ ਕੱਢਿਆ ਸੀ। ਬਾਇਡਨ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਉਹ ਮਾਸਕੋ ਵਿਚ ਸੱਤਾ ਤਬਦੀਲੀ ਦਾ ਸੱਦਾ ਨਹੀਂ ਦੇ ਰਹੇ, ਅਮਰੀਕਾ ਦੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਆਈ।



Most Read

2024-09-20 19:37:16