World >> The Tribune


‘ਫੈੱਡਐਕਸ’ ਦੇ ਨਵੇਂ ਸੀਈਓ ਹੋਣਗੇ ਰਾਜ ਸੁਬਰਾਮਣੀਅਮ


Link [2022-03-30 04:15:22]



ਵਾਸ਼ਿੰਗਟਨ, 29 ਮਾਰਚ

ਭਾਰਤੀ-ਅਮਰੀਕੀ ਰਾਜ ਸੁਬਰਾਮਣੀਅਮ 'ਫੈੱਡਐਕਸ' ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹੋਣਗੇ। ਅਮਰੀਕਾ ਦੀ ਬਹੁਕੌਮੀ ਕੋਰੀਅਰ ਕੰਪਨੀ ਨੇ ਇਸ ਬਾਰੇ ਐਲਾਨ ਸੋਮਵਾਰ ਨੂੰ ਕੀਤਾ। ਸੁਬਰਾਮਣੀਅਮ, ਚੇਅਰਮੈਨ ਤੇ ਸੀਈਓ ਵਜੋਂ ਫਰੈੱਡਰਿਕ ਡਬਲਿਊ. ਸਮਿੱਥ ਦੀ ਥਾਂ ਲੈਣਗੇ ਜੋ ਪਹਿਲੀ ਜੂਨ ਨੂੰ ਅਹੁਦਾ ਛੱਡਣਗੇ। ਦੱਸਣਯੋਗ ਹੈ ਕਿ ਫੈੱਡਐਕਸ ਦਾ ਹੈੱਡਕੁਆਰਟਰ ਅਮਰੀਕੀ ਸੂਬੇ ਟੈਨੇਸੀ ਵਿਚ ਹੈ ਤੇ ਪੂਰੀ ਦੁਨੀਆ ਵਿਚ ਕੰਪਨੀ ਦੇ ਛੇ ਲੱਖ ਮੁਲਾਜ਼ਮ ਹਨ। ਇਸ ਭੂਮਿਕਾ ਤੋਂ ਪਹਿਲਾਂ ਸੁਬਰਾਮਣੀਅਮ ਫੈੱਡਐਕਸ ਐਕਸਪ੍ਰੈੱਸ ਦੇ ਪ੍ਰਧਾਨ ਤੇ ਸੀਈਓ ਵਜੋਂ ਸੇਵਾਵਾਂ ਨਿਭਾ ਰਹੇ ਸਨ ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਐਕਸਪ੍ਰੈੱਸ ਟਰਾਂਸਪੋਰਟ ਕੰਪਨੀ ਹੈ। ਉਹ ਫੈੱਡਐਕਸ ਕਾਰਪੋਰੇਸ਼ਨ ਦੇ ਉਪ ਪ੍ਰਧਾਨ ਤੇ ਮੁੱਖ ਮਾਰਕੀਟਿੰਗ ਤੇ ਸੰਚਾਰ ਅਧਿਕਾਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਕੰਪਨੀ ਲਈ ਕਾਰਪੋਰੇਟ ਰਣਨੀਤੀ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਰਾਜ ਤਿਰੂਵਨੰਤਪੁਰਮ (ਕੇਰਲਾ) ਨਾਲ ਸਬੰਧਤ ਹਨ ਤੇ ਉਨ੍ਹਾਂ ਦੇ ਪਿਤਾ ਵੀ. ਸੁਬਰਾਮਣੀਅਮ ਡੀਜੀਪੀ ਵਜੋਂ ਸੇਵਾਮੁਕਤ ਹੋ ਚੁੱਕੇ ਹਨ। ਰਾਜ 87 ਸਾਲਾ ਸਾਬਕਾ ਡੀਜੀਪੀ ਦੇ ਸਭ ਤੋਂ ਵੱਡੇ ਪੁੱਤਰ ਹਨ। ਉਨ੍ਹਾਂ ਦੱਸਿਆ ਕਿ ਰਾਜ ਦੀ ਪਤਨੀ ਉਮਾ ਵੀ ਫੈੱਡਐਕਸ ਵਿਚ ਹੀ ਸੀ ਪਰ ਮਗਰੋਂ ਉਨ੍ਹਾਂ ਹਿੱਤਾਂ ਦੇ ਟਕਰਾਅ ਕਾਰਨ ਚੋਟੀ ਦਾ ਅਹੁਦਾ ਛੱਡ ਦਿੱਤਾ ਸੀ। ਰਾਜ ਸੁਬਰਾਮਣੀਅਮ ਦਸਵੀਂ ਤੱਕ ਤਿਰੂਵਨੰਤਪੁਰਮ ਦੇ ਲੋਯੋਲਾ ਸਕੂਲ ਵਿਚ ਪੜ੍ਹੇ ਹਨ। ਇਸ ਤੋਂ ਬਾਅਦ ਉਨ੍ਹਾਂ ਆਈਆਈਟੀ ਮੁੰਬਈ ਤੋਂ ਕੈਮੀਕਲ ਇੰਜਨੀਅਰਿੰਗ ਕੀਤੀ ਸੀ। -ਪੀਟੀਆਈ



Most Read

2024-09-20 19:40:19