Breaking News >> News >> The Tribune


ਟਰੇਡ ਯੂਨੀਅਨਾਂ ਵੱਲੋਂ ਦੋ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਕਈ ਸੂਬਿਆਂ ’ਚ ਕੰਮ-ਕਾਜ ਪ੍ਰਭਾਵਿਤ


Link [2022-03-29 08:54:21]



ਨਵੀਂ ਦਿੱਲੀ, 28 ਮਾਰਚ

ਮੁੱਖ ਅੰਸ਼

ਪੱਛਮੀ ਬੰਗਾਲ ਤੇ ਕੇਰਲ ਵਿੱਚ ਸਰਕਾਰ ਟਰਾਂਸਪੋਰਟ ਸੇਵਾਵਾਂ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ

ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਖ਼ਿਲਾਫ਼ ਹਜ਼ਾਰਾਂ ਵਰਕਰਾਂ ਵੱਲੋਂ ਕੀਤੀ ਗਈ ਦੋ ਰੋਜ਼ਾ ਹੜਤਾਲ ਦੇ ਅੱਜ ਪਹਿਲੇ ਦਿਨ ਪੰਜਾਬ, ਚੰਡੀਗੜ੍ਹ, ਪੱਛਮੀ ਬੰਗਾਲ ਅਤੇ ਕੇਰਲ ਵਿੱਚ ਬੈਂਕਿੰਗ ਤੇ ਜਨਤਕ ਟਰਾਂਸਪੋਰਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਇਸ ਸਾਂਝੇ ਫੋਰਮ ਵਿੱਚ ਇੰਟਕ, ਏਟਕ, ਐੱਚਐੱਮਐੱਸ, ਸੀਟੂ, ਏਆਈਯੂਟੀਯੂਸੀ, ਟੀਯੂਸੀਸੀ, ਏਕਟੂ, ਐੱਲਪੀਐੱਫ, ਯੂਟਕ ਆਦਿ ਟਰੇਡ ਯੂਨੀਅਨਾਂ ਸ਼ਾਮਲ ਹਨ।

ਇਸ ਦੌਰਾਨ ਹਾਲਾਂਕਿ, ਜ਼ਿਆਦਾਤਰ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕਿੰਗ ਸੇਵਾਵਾਂ ਅੰਸ਼ਕ ਤੌਰ 'ਤੇ ਪ੍ਰਭਾਵਿਤ ਰਹੀਆਂ। ਮਿਲੀਆਂ ਰਿਪੋਰਟਾਂ ਅਨੁਸਾਰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਅੱਜ ਸ਼ੁਰੂ ਹੋਈ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਨੂੰ ਪੂਰੇ ਪੰਜਾਬ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ। ਹੜਤਾਲ ਦੌਰਾਨ ਪੰਜਾਬ ਅੰਦਰ ਸੂਬਾ ਪੱਧਰੀ ਆਸ਼ਾ ਵਰਕਰਜ਼, ਆਂਗਣਵਾੜੀ ਵਰਕਰਜ਼, ਮਿੱਡ-ਡੇਅ ਮੀਲ ਵਰਕਰ, ਪੇਂਡੂ ਚੌਕੀਦਾਰ, ਇਲੈਕਟ੍ਰਾਨਿਕ ਟਾਵਰ ਵਰਕਰ, ਟੌਲ ਪਲਾਜ਼ਾ ਵਰਕਰ, ਟਰਾਂਸਪੋਰਟ ਵਿਭਾਗ ਪਨਬੱਸ/ ਪੀਆਰਟੀਸੀ, ਐੱਲਆਈਸੀ, ਆਮਦਨ ਕਰ ਵਿਭਾਗ, ਏਜੀ ਪੰਜਾਬ, ਡਾਕ ਵਿਭਾਗ ਆਦਿ ਸਮੇਤ ਟਰੇਡ ਯੂਨੀਅਨਾਂ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ ਵੱਲੋਂ ਥਾਂ-ਥਾਂ ਜਲੂਸ ਕੱਢ ਕੇ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਕਰ ਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵੱਖ-ਵੱਖ ਸੂਬਿਆਂ ਵਿੱਚ ਕਈ ਥਾਵਾਂ 'ਤੇ ਕਾਮੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਬਿਜਲੀ ਅਤੇ ਪੈਟਰੋਲੀਅਮ ਸਪਲਾਈ ਪ੍ਰਭਾਵਿਤ ਨਹੀਂ ਹੋਈ ਪਰ ਯੂਨੀਅਨਾਂ ਨੇ ਦਾਅਵਾ ਕੀਤਾ ਕਿ ਝਾਰਖੰਡ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਪੈਂਦੀਆਂ ਕੋਲਾ ਖਣਨ ਵਾਲੀਆਂ ਪੱਟੀਆਂ ਵਿੱਚ ਇਸ ਹੜਤਾਲ ਦਾ ਕਾਫੀ ਅਸਰ ਦੇਖਿਆ ਗਿਆ। ਕੇਂਦਰੀ ਟਰੇਡ ਯੂਨੀਅਨਾਂ ਦੇ ਇਕ ਸਾਂਝੇ ਫੋਰਮ ਵੱਲੋਂ ਕਾਮਿਆਂ, ਕਿਸਾਨਾਂ ਅਤੇ ਹੋਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਰਕਾਰੀ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ 28 ਤੇ 29 ਮਾਰਚ ਨੂੰ ਕੌਮੀ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।

ਭਾਰਤ ਬੰਦ ਦੇ ਸੱਦੇ ਦੌਰਾਨ ਕੋਲਕਾਤਾ ਵਿੱਚ ਰੇਲਾਂ ਰੋਕਦੇ ਹੋਏ ਟਰੇਡ ਯੂਨੀਅਨਾਂ ਦੇ ਵਰਕਰ।

ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ਅਤੇ ਕੁਝ ਸਟੇਸ਼ਨਾਂ 'ਤੇ ਰੇਲਾਂ ਦੀ ਆਵਾਜਾਈ ਰੋਕੇ ਜਾਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਕੇਰਲਾ ਵਿੱਚ ਵੀ ਸੂਬੇ ਦੀਆਂ ਸਰਕਾਰੀ ਬੱਸਾਂ ਤੋਂ ਇਲਾਵਾ ਆਟੋ-ਰਿਕਸ਼ਾ ਅਤੇ ਨਿੱਜੀ ਬੱਸਾਂ ਵੀ ਸੜਕਾਂ 'ਤੇ ਨਹੀਂ ਚੱਲ ਸਕੀਆਂ ਪਰ ਇਸ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਕਿ ਦੁੱਪ ਦੀ ਸਪਲਾਈ, ਹਸਪਤਾਲ ਤੇ ਐਂਬੂਲੈਂਸ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ। ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਇਸ ਦੋ ਦਿਨਾ ਹੜਤਾਲ ਵਿੱਚ ਸ਼ਮੂਲੀਅਤ ਕੀਤੇ ਜਾਣ ਕਰ ਕੇ ਹਰਿਆਣਾ ਵਿੱਚ ਸਰਕਾਰੀ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਦੌਰਾਨ ਸਰਕਾਰੀ ਖੇਤਰ ਦੀਆਂ ਸਟੀਲ ਕੰਪਨੀਆਂ ਸਟੀਲ ਅਥਾਰਿਟੀ ਆਫ਼ ਇੰਡੀਆ (ਸੇਲ), ਕੌਮੀ ਇਸਪਾਤ ਨਿਗਮ ਲਿਮਿਟਡ (ਆਰਆਈਐੱਨਐੱਲ) ਅਤੇ ਐੱਨਐੱਮਡੀਸੀ ਦੇ ਹਜ਼ਾਰਾਂ ਵਰਕਰਾਂ ਦੇ ਇਸ ਦੇਸ਼ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਕਾਰਨ ਸਟੀਲ ਪਲਾਂਟਾਂ ਅਤੇ ਖਾਣਾਂ ਵਿੱਚ ਉਤਪਾਦਨ ਪ੍ਰਭਾਵਿਤ ਹੋਇਆ।

ਅੱਜ ਬੈਂਕਿੰਗ ਸੇਵਾਵਾਂ ਵੀ ਅੰਸ਼ਕ ਤੌਰ 'ਤੇ ਪ੍ਰਭਾਵਿਤ ਹੋਈਆਂ ਕਿਉਂਕਿ ਬੈਂਕ ਮੁਲਾਜ਼ਮਾਂ ਦਾ ਇਕ ਵਰਗ ਡਿਊਟੀ ਤੋਂ ਗੈਰਹਾਜ਼ਰ ਰਿਹਾ। ਹਾਲਾਂਕਿ, ਨਵੀਂ ਪੀੜ੍ਹੀ ਦੇ ਨਿੱਜੀ ਖੇਤਰ ਦੇ ਬੈਂਕਾਂ ਦੇ ਕੰਮਕਾਜ ਵਿੱਚ ਹੜਤਾਲ ਦਾ ਕੋਈ ਪ੍ਰਭਾਵ ਨਹੀਂ ਦੇਖਿਆ ਗਿਆ। ਚੈੱਕ ਪਾਸ ਹੋਣ ਵਿੱਚ ਕੁਝ ਕੁ ਸਮਾਂ ਜ਼ਰੂਰ ਲੱਗਿਆ। ਹੜਕਾਲ ਕਾਰਨ ਸਰਕਾਰੀ ਖ਼ਜ਼ਾਨਿਆਂ ਦਾ ਕੰਮਕਾਜ ਜ਼ਰੂਰ ਪ੍ਰਭਾਵਿਤ ਹੋਇਆ।

ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀ.ਐੱਚ. ਵੈਂਕਟਾਚਲਮ ਨੇ ਕਿਹਾ ਕਿ ਪੂਰਬੀ ਭਾਰਤ ਵਿੱਚ ਹੜਤਾਲ ਦਾ ਸਭ ਤੋਂ ਵੱਧ ਅਸਰ ਦੇਖਿਆ ਗਿਆ ਕਿਉਂਕਿ ਇੱਥੇ ਜਨਤਕ ਖੇਤਰ ਦੇ ਬੈਂਕਾਂ ਦੀਆਂ ਕਈ ਸ਼ਾਖਾਵਾਂ ਬੰਦ ਸਨ। ਹੋਰਨਾਂ ਖੇਤਰਾਂ ਵਿੱਚ ਸ਼ਾਖਾਵਾਂ ਖੁੱਲ੍ਹੀਆਂ ਹਨ ਕਿਉਂਕਿ ਅਧਿਕਾਰੀ ਮੌਜੂਦ ਹਨ ਪਰ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਕਿਉਂਕਿ ਵੱਡੀ ਗਿਣਤੀ ਮੁਲਾਜ਼ਮ ਹੜਤਾਲ ਵਿੱਚ ਹਿੱਸਾ ਲੈ ਰਹੇ ਹਨ। ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ, ''ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਅੱਜ ਸਵੇਰੇ ਇਹ ਦੋ ਦਿਨਾ ਹੜਤਾਲ ਸ਼ੁਰੂ ਕੀਤੀ ਗਈ, ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਝਾਰਖੰਡ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਪੈਂਦੀ ਕੋਲਾ ਖਾਣਾਂ ਵਾਲੀ ਸਮੁੱਚੀ ਪੱਟੀ 'ਤੇ ਹੜਤਾਲ ਦਾ ਅਸਰ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਸਮੁੱਚੇ ਭਾਰਤ ਵਿੱਚ ਬੈਂਕ ਤੇ ਬੀਮਾ ਸੇੇਵਾਵਾਂ ਪ੍ਰਭਾਵਿਤ ਹੋਈਆਂ ਜਦਕਿ ਸਟੀਲ ਤੇ ਤੇਲ ਖੇਤਰਾਂ ਵਿੱਚ ਹੜਤਾਲ ਦਾ ਅੰਸ਼ਕ ਤੌਰ 'ਤੇ ਅਸਰ ਦੇਖਿਆ ਗਿਆ। -ਪੀਟੀਆਈ

'ਘੱਟੋ-ਘੱਟ ਅੱਠ ਸੂਬਿਆਂ 'ਚ ਬਣੇ ਬੰਦ ਵਰਗੇ ਹਾਲਾਤ'

ਨਵੀਂ ਦਿੱਲੀ: ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਅੱਜ ਕਿਹਾ ਕਿ ਦੇਸ਼ਵਿਆਪੀ ਹੜਤਾਲ ਕਾਰਨ ਘੱਟੋ-ਘੱਟ ਅੱਠ ਸੂਬਿਆਂ ਵਿੱਚ ਬੰਦ ਵਰਗੇ ਹਾਲਾਤ ਬਣੇ ਰਹੇ। ਫੋਰਮ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ, ''ਤਾਮਿਲਨਾਡੂ, ਕੇਰਲ, ਪੁੱਡੂਚੇਰੀ, ਆਂਧਰਾ ਪ੍ਰਦੇਸ਼, ਤਿਲੰਗਾਨਾ, ਉੜੀਸਾ, ਅਸਾਮ, ਹਰਿਆਣਾ ਅਤੇ ਝਾਰਖੰਡ ਵਿੱਚ ਬੰਦ ਵਰਗੇ ਹਾਲਾਤ ਬਣ ਗਏ ਸਨ। ਇਸ ਤੋਂ ਇਲਾਵਾ ਦਿੱਲੀ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਜੰਮੂ ਕਸ਼ਮੀਰ ਦੇ ਸਨਅਤੀ ਖੇਤਰਾਂ ਦੇ ਕਾਮਿਆਂ ਨੇ ਵੀ ਹੜਤਾਲ 'ਚ ਸ਼ਮੂਲੀਅਤ ਕੀਤੀ। ਗੋਆ, ਕਰਨਾਟਕ, ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਪ੍ਰਦਰਸ਼ਨ ਹੋਏ। -ਪੀਟੀਆਈ



Most Read

2024-09-21 20:05:01