Breaking News >> News >> The Tribune


ਬੰਗਾਲ ਵਿਧਾਨ ਸਭਾ ’ਚ ਵਿਧਾਇਕ ਹੱਥੋਪਾਈ, ਕਈਆਂ ਦੇ ਸੱਟਾਂ ਲੱਗੀਆਂ


Link [2022-03-29 08:54:21]



ਕੋਲਕਾਤਾ, 28 ਮਾਰਚ

ਪੱਛਮੀ ਬੰਗਾਲ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਅੱਜ ਟੀਐਮਸੀ ਤੇ ਭਾਜਪਾ ਵਿਧਾਇਕ ਇਕ-ਦੂਜੇ ਨਾਲ ਹੱਥੋਪਾਈ ਤੇ ਮੁੱਕੋ-ਮੁੱਕੀ ਹੋ ਗਏ। ਬੀਰਭੂਮ ਹੱਤਿਆ ਕਾਂਡ 'ਤੇ ਸੱਤਾਧਾਰੀ ਤੇ ਵਿਰੋਧੀ ਧਿਰਾਂ ਵਿਚਾਲੇ ਅੱਜ ਤਿੱਖੀ ਤਕਰਾਰ ਹੋਈ। ਇਸ ਦੌਰਾਨ ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਸਣੇ ਭਾਜਪਾ ਦੇ ਪੰਜ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਸ਼ੁਵੇਂਦੂ ਉਤੇ ਇਕ ਵਿਰੋਧੀ ਵਿਧਾਇਕ ਦਾ ਨੱਕ ਭੰਨ੍ਹਣ ਦਾ ਦੋਸ਼ ਹੈ। ਅੱਜ ਜਿਵੇਂ ਹੀ 11 ਵਜੇ ਸਦਨ ਜੁੜਿਆ ਤਾਂ ਭਾਜਪਾ ਦੇ ਵਿਧਾਇਕ ਸਦਨ ਵਿਚਕਾਰ ਇਕੱਠੇ ਹੋ ਗਏ। ਉਹ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ 'ਵਿਗੜ' ਰਹੀ ਕਾਨੂੰਨ-ਵਿਵਸਥਾ ਬਾਰੇ ਬਿਆਨ ਜਾਰੀ ਕਰਨ ਦੀ ਮੰਗ ਕਰਨ ਲੱਗੇ। ਜ਼ਿਕਰਯੋਗ ਹੈ ਕਿ ਬੀਰਭੂਮ ਜ਼ਿਲ੍ਹੇ ਵਿਚ ਪਿਛਲੇ ਹਫ਼ਤੇ ਹੋਈ ਅੱਗਜ਼ਨੀ 'ਚ ਅੱਠ ਜਣੇ ਸੜ ਕੇ ਮਰ ਗਏ ਸਨ। ਸਪੀਕਰ ਬਿਮਨ ਬੈਨਰਜੀ ਨੇ ਨਾਅਰੇਬਾਜ਼ੀ ਕਰ ਰਹੇ ਭਾਜਪਾ ਦੇ ਵਿਧਾਇਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਇਸੇ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਸੱਤਾਧਾਰੀਆਂ ਨਾਲ ਹੱਥੋਪਾਈ ਹੋ ਗਏ। ਸ਼ੁਵੇਂਦੂ ਅਧਿਕਾਰੀ ਮਗਰੋਂ ਸਦਨ ਵਿਚੋਂ ਬਾਹਰ ਚਲੇ ਗਏ ਤੇ ਦਾਅਵਾ ਕੀਤਾ ਕਿ ਟੀਐਮਸੀ ਦੇ ਵਿਧਾਇਕਾਂ ਨੇ ਭਾਜਪਾ ਮੈਂਬਰਾਂ ਦੀ ਕੁੱਟਮਾਰ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਵਿਧਾਇਕ ਸਦਨ ਦੇ ਅੰਦਰ ਵੀ ਸੁਰੱਖਿਅਤ ਨਹੀਂ ਹਨ, ਸਾਡੇ ਕਰੀਬ 8-10 ਵਿਧਾਇਕਾਂ ਨੂੰ ਕੁੱਟਿਆ ਗਿਆ ਹੈ। ਟੀਐਮਸੀ ਆਗੂ ਤੇ ਮੰਤਰੀ ਫਰਹਾਦ ਹਕੀਮ ਨੇ ਦਾਅਵਾ ਕੀਤਾ ਕਿ ਭਾਜਪਾ ਵਿਧਾਨ ਸਭਾ ਵਿਚ ਡਰਾਮਾ ਕਰ ਕੇ ਹੰਗਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟੀਐਮਸੀ ਦੇ ਕੁਝ ਵਿਧਾਇਕ ਵਿਧਾਨ ਸਭਾ ਵਿਚ ਫੱਟੜ ਹੋ ਗਏ ਹਨ। ਟੀਐਮਸੀ ਵਿਧਾਇਕ ਅਸਿਤ ਮਜੂਮਦਾਰ ਤੇ ਭਾਜਪਾ ਦੇ ਚੀਫ ਵਿਪ੍ਹ ਮਨੋਜ ਟਿੱਗਾ ਨੂੰ ਹਸਪਤਾਲ ਲਿਜਾਣਾ ਪਿਆ। ਸਪੀਕਰ ਨੇ ਕਿਹਾ ਕਿ ਅੱਜ ਜੋ ਹੋਇਆ 'ਉਹ ਬਰਦਾਸ਼ਤ ਤੋਂ ਬਾਹਰ ਹੈ ਤੇ ਲੋਕਤੰਤਰ ਲਈ ਸ਼ਰਮਨਾਕ ਹੈ।' ਬੈਨਰਜੀ ਨੇ ਮਗਰੋਂ ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ। ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਸਦਨ ਦੇ ਮਹਿਲਾ ਸਟਾਫ਼ ਨਾਲ ਦੁਰਵਿਹਾਰ ਕਰਨ ਦਾ ਦੋਸ਼ ਵੀ ਲਾਇਆ। ਅਧਿਕਾਰੀ ਨੇ ਕਿਹਾ ਕਿ ਮਮਤਾ ਸਰਕਾਰ ਤਾਨਾਸ਼ਾਹ ਢੰਗ ਨਾਲ ਚੱਲ ਰਹੀ ਹੈ ਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। -ਪੀਟੀਆਈ

ਕੇਜਰੀਵਾਲ ਖ਼ਿਲਾਫ਼ ਟਿੱਪਣੀਆਂ ਕਰਨ 'ਤੇ ਭਾਜਪਾ ਦੇ ਤਿੰਨ ਵਿਧਾਇਕ ਮੁਅੱਤਲ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ 'ਤੇ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਕੁਮਾਰ ਗੁਪਤਾ ਵਿਰੁੱਧ ਨਿੰਦਾ ਮਤਾ ਪਾਸ ਕੀਤਾ। ਇਸ ਮੌਕੇ ਭਾਜਪਾ ਤੇ 'ਆਪ' ਵਿਧਾਇਕਾਂ ਦਰਮਿਆਨ ਤਿੱਖੀ ਨੋਕ ਝੋਕ ਵੀ ਹੋਈ। 'ਆਪ' ਵਿਧਾਇਕਾਂ ਵੱਲੋਂ ਗੁਪਤਾ ਦੀ ਟਿੱਪਣੀ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਕਾਰਨ ਭਾਜਪਾ ਦੇ ਤਿੰਨ ਵਿਧਾਇਕਾਂ ਅਨਿਲ ਬਾਜਪਾਈ, ਜਿਤੇਂਦਰ ਮਹਾਜਨ ਤੇ ਅਜੇ ਮਹਾਵਰ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 'ਆਪ' ਵਿਧਾਇਕਾਂ ਨੇ ਕੇਜਰੀਵਾਲ ਬਾਰੇ ਕਥਿਤ ਟਿੱਪਣੀ ਨੂੰ ਲੈ ਕੇ ਸਦਨ ਵਿਚ ਰੋਸ ਜ਼ਾਹਰ ਕੀਤਾ। -ਪੱਤਰ ਪ੍ਰੇਰਕ



Most Read

2024-09-21 20:11:17