Breaking News >> News >> The Tribune


ਯੂਪੀ: ਯੋਗੀ ਆਦਿੱਤਿਆਨਾਥ ਤੇ ਅਖਿਲੇਸ਼ ਯਾਦਵ ਨੇ ਵਿਧਾਨ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ


Link [2022-03-29 08:54:21]



ਲਖਨਊ, 28 ਮਾਰਚ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਵਿਰੋਧੀ ਧਿਰ ਦੇ ਨੇਤਾ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਸਦਨ ਦੇ ਨੇਤਾ ਹੋਣ ਕਰ ਕੇ ਯੋਗੀ ਆਦਿੱਤਿਆਨਾਥ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਅਖਿਲੇਸ਼ ਯਾਦਵ ਨੇ ਹਲਫ਼ ਲਿਆ। ਦੋਹਾਂ ਆਗੂਆਂ ਮਗਰੋਂ ਹੋਰ ਮੈਂਬਰਾਂ ਨੇ ਸਹੁੰ ਚੁੱਕੀ। ਪ੍ਰੋ-ਟੈੱਮ ਸਪੀਕਰ ਰਾਮਾਪਤੀ ਸ਼ਾਸਤਰੀ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਵਾਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਵੇਂ ਚੁਣੇ ਗਏ ਵਿਧਾਇਕਾਂ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਰਵਾਇਤ ਤੇ ਸਦਨ ਦੀ ਮਰਿਆਦਾ ਅਨੁਸਾਰ ਆਪੋ-ਆਪਣੇ ਫ਼ਰਜ਼ ਨਿਭਾਉਣਗੇ। ਉਨ੍ਹਾਂ ਵਿਧਾਨ ਸਭਾ ਵਿੱਚ ਦਾਖ਼ਲ ਹੁੰਦਿਆਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਆਸ ਕਰਦਾ ਹਾਂ ਕਿ ਸਾਰੇ ਮੈਂਬਰ ਸੂਬੇ ਦੇ ਵਿਕਾਸ ਸਬੰਧੀ ਮੁੱਦਿਆਂ 'ਤੇ ਚਰਚਾ ਕਰਨ ਲਈ ਵਿਧਾਨ ਸਭਾ ਦੀ ਕਾਰਵਾਈ ਸਹੀ ਢੰਗ ਨਾਲ ਚਲਾਉਣ ਵਿੱਚ ਸਹਿਯੋਗ ਕਰਨਗੇ।'' ਉੱਧਰ, ਅਖਿਲੇਸ਼ ਯਾਦਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ਜ਼ਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਜਿਵੇਂ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਦਨ ਵਿੱਚ ਦਾਖਲ ਹੋਏ, ਤਾਂ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੀ ਸੀਟ 'ਤੇ ਬੈਠਣ ਤੋਂ ਪਹਿਲਾਂ ਯੋਗੀ ਆਦਿੱਤਿਨਾਥ ਵਿਰੋਧੀ ਧਿਰ ਵਾਲੇ ਪਾਸੇ ਗਏ ਅਤੇ ਯਾਦਵ ਤੇ ਹੋਰਨਾਂ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਅਖਿਲੇਸ਼ ਯਾਦਵ ਦਾ ਵੀ ਸਦਨ ਵਿੱਚ ਪਹੁੰਚਣ 'ਤੇ ਦੋਵੇਂ ਪਾਸੇ ਦੇ ਵਿਧਾਇਕਾਂ ਨੇ ਸਵਾਗਤ ਕੀਤਾ। -ਪੀਟੀਆਈ

ਵਿਭਾਗਾਂ ਦੀ ਵੰਡ: ਯੋਗੀ ਨੇ ਗ੍ਰਹਿ ਆਪਣੇ ਕੋਲ ਰੱਖ ਕੇ ਸੁਰੇਸ਼ ਖੰਨਾ ਨੂੰ ਵਿੱਤ ਦਿੱਤਾ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਅੱਜ ਆਪਣੇ 53 ਮੈਂਬਰੀ ਮੰਤਰੀ ਮੰਡਲ ਵਿੱਚ ਵਿਭਾਗਾਂ ਦੀ ਵੰਡ ਕਰਦਿਆਂ ਗ੍ਰਹਿ, ਵਿਜੀਲੈਂਸ ਅਤੇ ਪਰਸੋਨਲ ਵਿਭਾਗ ਆਪਣੇ ਕੋਲ ਰੱਖਿਆ ਗਿਆ। ਮੁੱਖ ਮੰਤਰੀ ਨੇ 34 ਵਿਭਾਗ ਆਪਣੇ ਕੋਲ ਰੱਖੇ ਹਨ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਛੇ ਵਿਭਾਗ ਦਿੱਤੇ ਗਏ ਹਨ ਜਦਕਿ ਸੁਰੇਸ਼ ਖੰਨਾ ਪਹਿਲਾਂ ਵਾਂਗ ਵਿੱਤ ਤੇ ਸੰਸਦੀ ਮਾਮਲਿਆਂ ਬਾਰੇ ਵਿਭਾਗ ਸੰਭਾਲਣਗੇ। -ਪੀਟੀਆਈ



Most Read

2024-09-21 20:25:55