Breaking News >> News >> The Tribune


ਤੇਲ ਤੇ ਗੈਸ ਕੀਮਤਾਂ ਦੇ ਮੁੱਦੇ ’ਤੇ ਬਹਿਸ ਹੋਵੇ: ਵਿਰੋਧੀ ਧਿਰਾਂ


Link [2022-03-29 08:54:21]



ਨਵੀਂ ਦਿੱਲੀ, 28 ਮਾਰਚ

ਵਿਰੋਧੀ ਧਿਰਾਂ ਨੇ ਅੱਜ ਤੇਲ ਕੀਮਤਾਂ ਤੇ ਘਰੇਲੂ ਗੈਸ ਦੀਆਂ ਕੀਮਤਾਂ ਵਧਣ ਖਿਲਾਫ਼ ਰੋਸ ਜ਼ਾਹਿਰ ਕਰਦਿਆਂ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਲਈ ਕਿਹਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਰੂਸ-ਯੂਕਰੇਨ ਜੰਗ ਕਾਰਨ ਤੇਲ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਸਦਨ ਦੇ ਸਪੀਕਰ ਓਮ ਬਿਰਲਾ ਨੇ ਤੇਲ ਕੀਮਤਾਂ ਦੇ ਮੁੱਦੇ 'ਤੇ ਬਹਿਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

ਲੋਕ ਸਭਾ ਵਿੱਚ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਸਦਨ 'ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਦੇਸ਼ ਦੇ ਆਮ ਲੋਕ ਪ੍ਰੇਸ਼ਾਨ ਹਨ ਕਿਉਂਕਿ ਤੇਲ ਕੀਮਤਾਂ 'ਚ ਹੋ ਰਹੇ ਵਾਧੇ ਕਾਰਨ ਉਨ੍ਹਾਂ ਦੀਆਂ ਜੇਬਾਂ 'ਤੇ ਬੋਝ ਵੱਧ ਰਿਹਾ ਹੈ। ਉਨ੍ਹਾਂ ਕਿਹਾ, 'ਦੇਸ਼ 'ਚ ਪੈਟਰੋਲ, ਡੀਜ਼ਲ, ਸੀਐੱਨਜੀ ਤੇ ਪੀਐੱਨਜੀ (ਪਾਈਪਡ ਨੈਚੁਰਲ ਗੈਸ) ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਨੂੰ ਦੇਖਦਿਆਂ ਹੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਭਰ ਵਿੱਚ 'ਮਹਿੰਗਾਈ ਮੁਕਤ ਭਾਰਤ ਮੁਹਿੰਮ' ਚਲਾਉਣ ਦਾ ਫ਼ੈਸਲਾ ਕੀਤਾ ਹੈ।' ਉਨ੍ਹਾਂ ਅਪਰੈਲ ਮਹੀਨੇ ਤੋਂ 800 ਜ਼ਰੂਰੀ ਦਵਾਈਆਂ ਮਹਿੰਗੀਆਂ ਹੋਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਰੂਸ-ਯੂਕਰੇਨ ਜੰਗ ਦਾ ਹਵਾਲਾ ਦੇ ਕੇ ਤੇਲ ਕੀਮਤਾਂ 'ਚ ਵਾਧਾ ਕਰ ਰਹੀ ਹੈ ਪਰ ਇਹ ਝੂਠ ਹੈ। ਭਾਰਤ ਸਿਰਫ਼ 0.5 ਫੀਸਦ ਤੇਲ ਰੂਸ ਤੋਂ ਦਰਾਮਦ ਕਰਦਾ ਹੈ। ਸਰਕਾਰ ਨੇ ਪਿਛਲੇ 8 ਸਾਲਾਂ ਦੌਰਾਨ 26 ਲੱਖ ਕਰੋੜ ਰੁਪਏ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਤੋਂ ਕਮਾਏ ਹਨ। ਡੀਐੱਮਕੇ ਆਗੂ ਟੀ.ਆਰ. ਬਾਲੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਅੰਦਰ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਤਕਰੀਬਨ ਚਾਰ ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ ਜੋ ਸਰਕਾਰ ਵੱਲੋਂ ਲਿਆ ਗਿਆ ਗਲਤ ਫ਼ੈਸਲਾ ਹੈ। ਟੀਐੱਮਸੀ ਆਗੂ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਨਾਲ ਪੂਰਾ ਸਦਨ ਫਿਕਰਮੰਦ ਹੈ। ਇਸ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਤੇਲ ਕੀਮਤਾਂ ਦੇ ਮੁੱਦੇ 'ਤੇ ਬਹਿਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦਿਆਂ ਸਿਫਰ ਕਾਲ ਸਮਾਪਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਣ ਲਈ ਸਮਾਂ ਦੇ ਦਿੱਤਾ ਹੈ। -ਪੀਟੀਆਈ

ਰਾਜ ਸਭਾ 'ਚ ਉੱਠਿਆ ਤੇਲ ਕੀਮਤਾਂ ਦਾ ਮੁੱਦਾ

ਨਵੀਂ ਦਿੱਲੀ: ਰਾਜ ਸਭਾ ਵਿੱਚ ਅੱਜ ਵਿਰੋਧੀ ਧਿਰ ਦੇ ਮੈਂਬਰਾਂ ਨੇ ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਤੇਲ ਕੀਮਤਾਂ 'ਤੇ ਚਿੰਤਾ ਜ਼ਾਹਿਰ ਕੀਤੀ ਤੇ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਿਹਾ। ਡੀਐੱਮਕੇ ਆਗੂ ਟੀਕੇਐੱਸ ਐਲਾਗੋਵਾਨ ਨੇ ਕਿਹਾ ਕਿ ਸਰਕਾਰ ਨੇ ਵਿੱਤੀ ਵਰ੍ਹੇ 2022-23 ਲਈ ਪੇਸ਼ ਕੀਤੇ ਕੇਂਦਰੀ ਬਜਟ ਵਿੱਚ ਗਰੀਬਾਂ ਤੇ ਦਿਹਾੜੀਦਾਰ ਮਜ਼ਦੂਰਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਦਾ ਅਸਰ ਹਰ ਵਰਗ 'ਤੇ ਪੈ ਰਿਹਾ ਹੈ। ਬੀਜੇਡੀ ਦੇ ਅਮਰ ਪਟਨਾਇਕ ਨੇ ਕਿਹਾ ਕਿ ਸਮਾਜ ਵਿੱਚ ਨਾਬਰਾਬਰੀ ਲਗਾਤਾਰ ਵਧ ਰਹੀ ਹੈ ਅਤੇ ਸਰਕਾਰ ਨੂੰ ਸਾਰਿਆਂ ਦੇ ਵਿਕਾਸ ਲਈ ਆਪਣੀ ਵਿੱਤੀ ਨੀਤੀ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਵਾਈਐੱਸਆਰਸੀਪੀ ਦੇ ਵੀ ਵਿਜੈਸਾਈ ਰੈੱਡੀ ਨੇ ਕਿਹਾ ਕਿ ਟੈਕਸ ਭਰਨ ਵਾਲਿਆਂ ਦੀ ਬੱਚਤ ਲਗਾਤਾਰ ਘਟ ਰਹੀ ਹੈ ਤੇ ਅਜਿਹੇ 'ਚ ਆਮ ਆਦਮੀ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। -ਪੀਟੀਆਈ



Most Read

2024-09-21 20:35:03