Breaking News >> News >> The Tribune


ਪੱਛਮੀ ਬੰਗਾਲ ਦੀਆਂ ਘਟਨਾਵਾਂ ਬਾਰੇ ਕੇਂਦਰ ਚੁੱਪ ਨਹੀਂ ਰਹੇਗਾ: ਭਾਜਪਾ


Link [2022-03-29 08:54:21]



ਨਵੀਂ ਦਿੱਲੀ, 28 ਮਾਰਚ

ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਵੱਲੋਂ ਭਾਜਪਾ ਵਿਧਾਇਕਾਂ ਖ਼ਿਲਾਫ਼ ਹਿੰਸਾ ਕਰਨ ਦੇ ਦੋਸ਼ ਲਾਉਂਦਿਆਂ ਅੱਜ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸਰਕਾਰ ਸੂਬੇ 'ਚ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਤੇ ਕੇਂਦਰ ਸਰਕਾਰ ਇਸ ਮਸਲੇ 'ਤੇ ਮੂਕ ਦਰਸ਼ਕ ਨਹੀਂ ਬਣੀ ਰਹਿ ਸਕਦੀ। ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇੱਥੇ ਸੰਸਦੀ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧਕ ਤੇ ਅਰਾਜਕ ਤੱਤਾਂ ਨੇ ਰਾਜ ਵਿੱਚ ਸੰਵਿਧਾਨਕ ਮਸ਼ੀਨਰੀ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਮਤਾ ਸਰਕਾਰ ਦੇ ਕਾਰਜਕਾਲ ਵਿੱਚ ਪੱਛਮੀ ਬੰਗਾਲ ਵਿੱਚ ਜਮਹੂਰੀ ਕਦਰਾਂ-ਕੀਮਤਾਂ ਦਾ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਵਿਧਾਨ ਸਭਾ ਵਿੱਚ ਅੱਜ ਭਾਜਪਾ ਵਿਧਾਇਕਾਂ ਦੀ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ। ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਬਾਰੇ ਨਕਵੀ ਨੇ ਕਿਹਾ ਕਿ ਸਰਕਾਰ ਸੰਵਿਧਾਨਕ ਕਦਰਾਂ ਕੀਮਤਾਂ ਦੇ ਖ਼ਿਲਾਫ਼ ਜਾ ਕੇ ਮਮਤਾ ਬੈਨਰਜੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗੀ ਪਰ ਉਹ ਇਸ ਮੁੱਦੇ 'ਤੇ ਚੁੱਪ ਵੀ ਨਹੀਂ ਰਹੇਗੀ। -ਪੀਟੀਆਈ

ਬੀਰਭੂਮ ਕਾਂਡ: ਇੱਕ ਹੋਰ ਜ਼ਖ਼ਮੀ ਮਹਿਲਾ ਦੀ ਮੌਤ

ਬੀਰਭੂਮ: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਗਤੁਈ ਪਿੰਡ 'ਚ ਕੁਝ ਦਿਨ ਪਹਿਲਾਂ ਹੋਈ ਹਿੰਸਾ ਵਿੱਚ ਝੁਲਸੀ ਇੱਕ ਹੋਰ ਮਹਿਲਾ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਨੌਂ ਹੋ ਗਈ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਸੱਤ ਮਹਿਲਾਵਾਂ ਤੇ ਦੋ ਬੱਚੇ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨਾਜੇਮਾ ਬੀਬੀ 65 ਫੀਸਦ ਤੱਕ ਸੜ ਗਈ ਸੀ। ਲੰਘੀ ਰਾਤ ਉਸ ਦੀ ਹਾਲਤ ਵਿਗੜਨ ਮਗਰੋਂ ਉਸ ਨੂੰ ਰਾਮਪੁਰਹਾਟ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਅੱਜ ਸਵੇਰੇ ਉਸ ਦੀ ਮੌਤ ਹੋ ਗਈ। -ਪੀਟੀਆਈ



Most Read

2024-09-21 20:37:09