Breaking News >> News >> The Tribune


ਹਿਜਾਬ ਲਾਹੁਣ ਤੋਂ ਇਨਕਾਰੀ ਪ੍ਰੀਖਿਆ ਨਿਗਰਾਨ ਮੁਅੱਤਲ


Link [2022-03-29 08:54:21]



ਬੰਗਲੁਰੂ, 28 ਮਾਰਚ

ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪਹਿਲੇ ਦਿਨ ਅੱਜ ਹਿਜਾਬ ਵਿਵਾਦ ਵਿਚਾਲੇ ਜ਼ਿਆਦਾਤਰ ਵਿਦਿਆਰਥਣਾਂ ਨੇ ਵਰਦੀ ਪਹਿਨ ਕੇ ਪ੍ਰੀਖਿਆ ਦਿੱਤੀ, ਉੱਥੇ ਹੀ ਕੁਝ ਵਿਦਿਆਰਥਣਾਂ ਨੂੰ ਹਿਜਾਬ ਪਹਿਨਿਆ ਹੋਣ ਕਰ ਕੇ ਵਾਪਸ ਭੇਜ ਦਿੱਤਾ ਗਿਆ, ਜਦੋਂਕਿ ਕੁਝ ਕੁ ਨੇ ਖ਼ੁਦ ਪ੍ਰੀਖਿਆ ਨਾ ਦੇਣ ਦਾ ਫ਼ੈਸਲਾ ਲਿਆ। ਇਸ ਦੌਰਾਨ ਸਿੱਖਿਆ ਵਿਭਾਗ ਵੱਲੋਂ ਹਿਜਾਬ ਲਾਹੁਣ ਤੋਂ ਇਨਕਾਰੀ ਇਕ ਪ੍ਰੀਖਿਆ ਨਿਗਰਾਨ ਨੂੰ ਮੁਅੱਤਲ ਕਰ ਦਿੱਤਾ ਗਿਆ।

ਸਿੱਖਿਆ ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ ਨੂਰ ਫ਼ਾਤਿਮਾ ਨਾਂ ਦੀ ਪ੍ਰੀਖਿਆ ਨਿਗਰਾਨ ਕੇਐੱਸਟੀਵੀ ਹਾਈ ਸਕੂਲ ਵਿੱਚ ਡਿਊਟੀ 'ਤੇ ਤਾਇਨਾਤ ਸੀ ਅਤੇ ਹਿਜਾਬ ਪਹਿਨ ਕੇ ਆਈ ਸੀ। ਜਦੋਂ ਉਸ ਨੂੰ ਹਿਜਾਬ ਲਾਹੁਣ ਲਈ ਕਿਹਾ ਗਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ। ਉਪਰੰਤ ਉਸ ਨੂੰ ਪ੍ਰੀਖਿਆ ਕੇਂਦਰ 'ਚੋਂ ਵਾਪਸ ਭੇਜ ਦਿੱਤਾ ਗਿਆ ਅਤੇ ਮੁਅੱਤਲ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਬਾਗਲਕੋਟ ਜ਼ਿਲ੍ਹੇ ਵਿੱਚ ਪੈਂਦੇ ਇਕ ਸਰਕਾਰੀ ਸਕੂਲ ਵਿੱਚ ਹਿਜਾਬ ਪਹਿਨ ਕੇ ਪ੍ਰੀਖਿਆ ਦੇਣ ਆਈ ਇਕ ਵਿਦਿਆਰਥਣ ਨੂੰ ਜਦੋਂ ਹਿਜਾਬ ਲਾਹੁਣ ਲਈ ਕਿਹਾ ਗਿਆ ਤਾਂ ਉਸ ਨੇ ਪ੍ਰੀਖਿਆ ਨਾ ਦੇਣ ਦਾ ਫ਼ੈਸਲਾ ਲਿਆ। ਇਕ ਹੋਰ ਘਟਨਾ ਵਿੱਚ ਬੇਲਾਗਾਵੀ ਜ਼ਿਲ੍ਹੇ ਵਿੱਚ ਚਿਕੋਡੀ ਸ਼ਹਿਰ 'ਚ ਪੁਲੀਸ ਵੱਲੋਂ ਹੋਰ ਵਿਦਿਆਰਥਣਾਂ ਦੀ ਥਾਂ ਪ੍ਰੀਖਿਆ ਦੇਣ ਪਹੁੰਚੀ ਇਕ ਲੜਕੀ ਸਣੇ ਛੇ ਫ਼ਰਜ਼ੀ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਸੂਬੇ ਭਰ ਦੇ 3444 ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ-144 ਲਗਾਈ ਗਈ ਹੈ ਅਤੇ 60,000 ਸਰਕਾਰੀ ਅਧਿਕਾਰੀ ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਕਰ ਰਹੇ ਹਨ। -ਆਈਏਐੱਨਐੱਸ



Most Read

2024-09-21 20:24:58