World >> The Tribune


ਜੈਸ਼ੰਕਰ ਵੱਲੋਂ ਸ੍ਰੀਲੰਕਾ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ


Link [2022-03-29 08:14:52]



ਕੋਲੰਬੋ, 28 ਮਾਰਚ

ਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੌਜੂਦਾ ਆਰਥਿਕ ਸੰਕਟ ਨਾਲ ਨਜਿੱਠਣ ਲਈ ਭਾਰਤ ਵੱਲੋਂ ਲਗਾਤਾਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਵੇਲੇ ਸ੍ਰੀਲੰਕਾ ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਪੈਦਾ ਹੋਏ ਗੰਭੀਰ ਆਰਥਿਕ ਅਤੇ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਨੇ ਹਾਲ ਹੀ ਵਿੱਚ ਆਰਥਿਕ ਸੰਕਟ ਨਾਲ ਨਜਿੱਠਣ ਲਈ ਵਿੱਤੀ ਮਦਦ ਕਰਦਿਆਂ ਸ੍ਰੀਲੰਕਾ ਨੂੰ ਇੱਕ ਅਰਬ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ।

ਜੈਸ਼ੰਕਰ ਦੇਸ਼ ਦੀ ਸਿਖਰਲੀ ਲੀਡਰਸ਼ਿਪ ਨਾਲ ਦੁਵੱਲੀ ਗੱਲਬਾਤ ਕਰਨ ਅਤੇ ਸੱਤ ਦੇਸ਼ਾਂ ਦੇ ਬਿਮਸਟੈੱਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸ੍ਰੀਲੰਕਾ ਦੌਰੇ 'ਤੇ ਹਨ। ਰਾਸ਼ਟਰਪਤੀ ਗੋਟਾਬਾਯਾ ਨਾਲ ਗੱਲਬਾਤ ਮਗਰੋਂ ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ, ''ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਸਾਡੇ ਨੇੜਲੇ ਗੁਆਂਢੀ ਮੁਲਕ ਨਾਲ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਭਾਰਤ ਵੱਲੋਂ ਲਗਾਤਾਰ ਸਹਿਯੋਗ ਦਾ ਦੇਣ ਭਰੋਸਾ ਦਿੱਤਾ ਗਿਆ।''

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਨੇ ਵੀ ਟਵੀਟ ਕਰਦਿਆਂ ਭਾਰਤ ਸਰਕਾਰ ਦਾ ਮਦਦ ਲਈ ਧੰਨਵਾਦ ਕੀਤਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨਾਲ ਮੁਲਾਕਾਤ ਦੌਰਾਨ ਜੈਸ਼ੰਕਰ ਨੇ ਭਾਰਤ ਵੱਲੋਂ ਬਣਾਏ ਗਏ ਜਾਫਨਾ ਸੱਭਿਆਚਾਰਕ ਕੇਂਦਰ ਦਾ ਉਦਘਾਟਨ ਕੀਤਾ। -ਪੀਟੀਆਈ

ਲੰਕਾ ਆਈਓਸੀ ਦਾ ਦੌਰਾ ਕਰਕੇ ਤੇਲ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਭਾਰਤ ਦੀ ਤੇਲ ਪ੍ਰਮੁੱਖ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਥਾਨਕ ਸਹਾਇਕ ਕੰਪਨੀ ਲੰਕਾ ਆਈਓਸੀ ਦਾ ਦੌਰਾ ਕਰਕੇ ਤੇਲ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਟਵੀਟ ਕਰਦਿਆਂ ਕਿਹਾ, ''ਡਾਊਨਟਾਊਨ ਕੋਲੰਬੋ ਸਥਿਤ ਲੰਕਾ ਆਈਓਸੀ ਕੇਂਦਰ ਦਾ ਦੌਰਾ ਕਰਕੇ ਮੈਨੇਜਿੰਗ ਡਾਇਰੈਕਟਰ ਮਨੋਜ ਗੁਪਤਾ ਤੋਂ ਤੇਲ ਸਪਲਾਈ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।''



Most Read

2024-09-20 19:52:31