Breaking News >> News >> The Tribune


ਸਾਰੀਆਂ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ: ਸਿੰਧੀਆ


Link [2022-03-28 06:36:51]



ਗਵਾਲੀਅਰ (ਮੱਧ ਪ੍ਰਦੇਸ਼), 27 ਮਾਰਚ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਕਰੀਬ ਦੋ ਸਾਲ ਬਾਅਦ ਅੱਜ ਤੋਂ ਦੇਸ਼ ਅੰਦਰ ਸਾਰੀਆਂ ਨਿਯਮਤ ਕੌਮਾਂਤਰੀ ਹਵਾਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਕੋਵਿਡ-19 ਮਹਾਮਾਰੀ ਕਾਰਨ ਕਈ ਪਾਬੰਦੀਆਂ ਲਾਗੂ ਸਨ। ਉਨ੍ਹਾਂ ਕਿਹਾ ਕਿ ਅੱਜ ਗਰਮੀ ਦੇ ਮੌਸਮ ਲਈ ਨਵੀਆਂ 135 ਘਰੇਲੂ ਤੇ 15 ਕੌਮਾਂਤਰੀ ਉਡਾਣਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਸਿੰਧੀਆ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, 'ਅੱਜ ਤੋਂ ਗੋਰਖਪੁਰ ਤੇ ਵਾਰਾਣਸੀ ਵਿਚਾਲੇ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਗਵਾਲੀਅਰ ਤੋਂ ਹੀ ਆਨਲਾਈਨ ਇਸ ਸੇਵਾ ਦੀ ਸ਼ੁਰੂਆਤ ਕੀਤੀ।' ਮੰਤਰੀ ਨੇ ਕਿਹਾ ਕਿ ਅੱਜ ਤੋਂ ਸੌ ਫੀਸਦ ਢੰਗ ਨਾਲ ਕੌਮਾਂਤਰੀ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਵਿਦੇਸ਼ ਜਾਣ ਲਈ ਅਤੇ ਵਿਦੇਸ਼ਾਂ ਤੋਂ ਲੋਕ ਭਾਰਤ ਆਉਣ ਲਈ ਤਿਆਰ ਹਨ। ਇਸ ਲਈ ਪੂਰੀ ਸਮਰੱਥਾ ਨਾਲ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਸ੍ਰੀ ਸਿੰਧੀਆ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਤੋਂ ਪਾਬੰਦੀ ਹਟਣ ਕਾਰਨ ਭਾਰਤ ਨੂੰ ਮੁੜ ਦੁਨੀਆ ਨਾਲ ਜੁੜਨ ਦਾ ਮੌਕਾ ਮਿਲੇਗਾ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਅਨੁਸਾਰ ਅੱਜ ਛੇ ਭਾਰਤੀ ਤੇ 60 ਵਿਦੇਸ਼ੀ ਹਵਾਈ ਸੇਵਾਵਾਂ ਸ਼ੁਰੂ ਹੋਣ ਨਾਲ ਭਾਰਤ 63 ਦੇਸ਼ਾਂ ਨਾਲ ਜੁੜ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਨਵੇਂ ਸ਼ਡਿਊਲ ਅਨੁਸਾਰ ਵਿਦੇਸ਼ੀ ਹਵਾਈ ਸੇਵਾਵਾਂ ਹਰ ਹਫ਼ਤੇ 1783 ਜਦਕਿ ਭਾਰਤੀ ਹਵਾਈ ਸੇਵਾਵਾਂ ਹਰ ਹਫ਼ਤੇ 1466 ਉਡਾਣਾਂ ਚਲਾਉਣਗੀਆਂ। ਉਨ੍ਹਾਂ ਦੱਸਿਆ ਕਿ ਇੰਡੀਗੋ ਵੱਲੋਂ ਹਰ ਹਫ਼ਤੇ ਸਭ ਤੋਂ ਵੱਧ 505 ਉਡਾਣਾਂ, ਉਸ ਤੋਂ ਬਾਅਦ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਵੱਲੋਂ 361, ਏਅਰ ਇੰਡੀਆ ਐਕਸਪ੍ਰੈੱਸ ਵੱਲੋਂ 340 ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਗਰਮੀਆਂ ਦਾ ਸ਼ਡਿਊਲ 27 ਮਾਰਚ ਤੋਂ 29 ਅਕਤੂਬਰ ਤੱਕ ਲਾਗੂ ਰਹੇਗਾ। -ਪੀਟੀਆਈ

ਅਪਰੈਲ ਤੋਂ ਆਮ ਵਾਂਗ ਹਵਾਈ ਉਡਾਣਾਂ ਸ਼ੁਰੂ ਕਰੇਗੀ ਇੰਡੀਗੋ

ਨਵੀਂ ਦਿੱਲੀ: ਇੰਡੀਗੋ ਨੇ ਅੱਜ ਇੱਥੇ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਇੱਥੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਪਰੈਲ ਮਹੀਨੇ ਤੱਕ ਪੜਾਅਵਾਰ 150 ਤੋਂ ਵੱਧ ਰੂਟਾਂ 'ਤੇ ਹਵਾਈ ਉਡਾਣਾਂ ਆਮ ਵਾਂਗ ਮੁੜ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਬਿਆਨ ਵਿੱਚ ਕਿਹਾ ਗਿਆ ਕਿ ਇੰਡੀਗੋ ਵੱਲੋਂ ਥਾਈਲੈਂਡ ਵਿੱਚ ਪਹਿਲਾਂ ਹੀ 27 ਮਾਰਚ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਏਅਰਲਾਈਨ ਦੀਆਂ ਕੌਮਾਂਤਰੀ ਉਡਾਣਾਂ ਦਿੱਲੀ, ਅਹਿਮਦਾਬਾਦ, ਮੁੰਬਈ, ਚੇਨੱਈ, ਕੋਲਕਾਤਾ, ਬੰਗਲੁਰੂ, ਲਖਨਊ, ਹੈਦਰਾਬਾਦ, ਅੰਮ੍ਰਿਤਸਰ, ਕੋਜ਼ੀਕੋੜ, ਕੋਚੀ, ਚੰਡੀਗੜ੍ਹ, ਤਿਰੂਚਿਰਾਪੱਲੀ, ਤਿਰੂਵਨੰਤਪੁਰਮ ਅਤੇ ਮੰਗਲੁਰੂ ਤੋਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ ਕੌਮਾਂਤਰੀ ਪੜਾਅ ਵਿੱਚ ਦਮਾਮ, ਕੁਵੈਤ, ਅਬੂ ਧਾਬੀ, ਸ਼ਾਰਜਾਹ, ਜੇਦਾਹ, ਰਿਆਧ, ਦੋਹਾ, ਬੈਂਕਾਕ, ਫੁਕੇਤ, ਸਿੰਗਾਪੁਰ, ਕੋਲੰਬੋ, ਦੁਬਈ, ਕਾਠਮੰਡੂ, ਮਾਲਦੀਵਜ਼ ਅਤੇ ਢਾਕਾ ਸ਼ਾਮਲ ਹਨ। ਇਸ ਤੋਂ ਪਹਿਲਾਂ ਇਨ੍ਹਾਂ ਰੂਟਾਂ 'ਤੇ ਸਬੰਧਤ ਦੇਸ਼ਾਂ ਨਾਲ ਏਅਰ-ਬਬਲ ਸਮਝੌਤਿਆਂ ਤਹਿਤ ਉਡਾਣਾਂ ਚੱਲ ਰਹੀਆਂ ਸਨ। ਇੰਡੀਗੋ ਦੇ ਮੁੱਖ ਵਪਾਰਕ ਅਧਿਕਾਰੀ ਵਿਲੀਅਮ ਬੋਲਟਰ ਨੇ ਕਿਹਾ ਕਿ ਭਾਰਤ ਦੀ ਪ੍ਰਮੁੱਖ ਏਅਰਲਾਈਨ ਹੋਣ ਦੇ ਨਾਤੇ ਇੰਡੀਗੋ ਕਿਫਾਇਤੀ ਦਰਾਂ 'ਤੇ, ਸਮੇਂ ਸਿਰ ਅਤੇ ਆਰਾਮਦਾਇਕ ਉਡਾਣਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। -ਆਈਏਐੱਨਐੱਸ



Most Read

2024-09-21 20:20:57