Breaking News >> News >> The Tribune


‘ਬੰਦੂਕਾਂ ਚੁੱਪ ਹੋਣਗੀਆਂ ਤਾਂ ਹੀ ਪਾਕਿਸਤਾਨ ਨਾਲ ਗੱਲ ਹੋਵੇਗੀ’


Link [2022-03-28 06:36:51]



ਨਵੀਂ ਦਿੱਲੀ, 27 ਮਾਰਚ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਸਿਰਫ਼ ਉਸ ਵੇਲੇ ਵਾਰਤਾ ਕਰੇਗਾ ਜਦ ਬੰਦੂਕਾਂ ਚੁੱਪ ਹੋ ਜਾਣਗੀਆਂ ਤੇ ਗੋਲੀਆਂ ਚੱਲਣੀਆਂ ਬੰਦ ਹੋ ਜਾਣਗੀਆਂ। ਇੱਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਨਿਖੇਧੀ ਕੀਤੀ। ਮੁਫ਼ਤੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਤੇ ਪਾਕਿਸਤਾਨ ਨਾਲ ਗੱਲਬਾਤ ਆਰੰਭਣ ਲਈ ਕਿਹਾ ਸੀ। ਮੁਫ਼ਤੀ ਦੇ ਬਿਆਨ 'ਤੇ ਜਿਤੇਂਦਰ ਸਿੰਘ ਨੇ ਸਵਾਲ ਕੀਤਾ ਕਿ ਕੀ ਭਾਜਪਾ ਨੂੰ ਆਪਣੇ ਹੀ ਮੁਲਕ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਵਿਦੇਸ਼ੀ ਧਰਤੀ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਨੇ ਕਿਹਾ ਸੀ ਕਿ ਸ਼ਾਂਤੀ ਉਦੋਂ ਤੱਕ ਨਹੀਂ ਆ ਸਕਦੀ ਜਦ ਤੱਕ ਕਸ਼ਮੀਰ ਮਸਲੇ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਸੀ ਕਿ ਇਸ ਲਈ ਜੰਮੂ ਕਸ਼ਮੀਰ ਦੇ ਲੋਕਾਂ ਤੇ ਪਾਕਿਸਤਾਨ ਦੇ ਨਾਲ ਗੱਲ ਕਰਨ ਦੀ ਲੋੜ ਹੈ। ਮਹਿਬੂਬਾ ਮੁਫ਼ਤੀ ਦੀ ਟਿੱਪਣੀ 'ਤੇ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਕਿ ਪੀਡੀਪੀ ਮੁਖੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਸਕਦੀ ਹੈ ਕਿਉਂਕਿ ਭਾਜਪਾ ਨੇ ਹੀ ਉਨ੍ਹਾਂ ਦੀ ਪਾਰਟੀ ਨਾਲ ਸਰਕਾਰ ਬਣਾ ਕੇ ਉਨ੍ਹਾਂ ਨੂੰ ਐਨੀ ਤਾਕਤ ਦਿੱਤੀ ਹੈ। ਰਾਊਤ ਨੇ ਵਿਅੰਗ ਕਸਦਿਆਂ ਕਿਹਾ ਕਿ ਮੁਫ਼ਤੀ ਕਿਸੇ ਵੇਲੇ ਭਾਜਪਾ ਦੀ ਦੋਸਤ ਰਹੀ ਹੈ। -ਆਈਏਐਨਐੱਸ



Most Read

2024-09-21 20:24:01