Breaking News >> News >> The Tribune


ਬੀਰਭੂਮ ਹਿੰਸਾ: ਸੀਬੀਆਈ ਵੱਲੋਂ ਟੀਐੱਮਸੀ ਆਗੂ ਦੇ ਬਿਆਨ ਦਰਜ


Link [2022-03-28 06:36:51]



ਨਵੀਂ ਦਿੱਲੀ, 27 ਮਾਰਚ

ਪੱਛਮੀ ਬੰਗਾਲ ਦੇ ਬੀਰਭੂਮ 'ਚ ਪਿੱਛੇ ਜਿਹੇ ਹੋਈ ਹਿੰਸਾ ਦੇ ਸਬੰਧ ਵਿੱਚ ਸੀਬੀਆਈ ਨੇ ਤ੍ਰਿਣਾਮੂਲ ਕਾਂਗਰਸ ਦੇ ਬਲਾਕ ਪ੍ਰਧਾਨ ਅਰਨੁਲ ਹੁਸੈਨ ਸਮੇਤ 21 ਵਿਅਕਤੀਆਂ ਨੂੰ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸੇ ਸਬੰਧ ਵਿੱਚ ਅੱਜ ਸੀਬੀਆਈ ਨੇ ਟੀਐੱਮਸੀ ਆਗੂ ਅਰਨੁਲ ਹੁਸੈਨ ਦੇ ਬਿਆਨ ਦਰਜ ਕੀਤੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਅੱਜ ਰਾਮਪੁਰਹਾਟ 'ਚ ਆਪਣੇ ਕੈਂਪ ਵਿੱਚ ਟੀਐੱਮਸੀ ਆਗੂ ਤੋਂ ਪੁੱਛ ਪੜਤਾਲ ਕੀਤੀ ਹੈ। ਸੀਬੀਆਈ ਦੀ ਟੀਮ ਨੇ ਅੱਜ ਸਥਾਨਕ ਹਸਪਤਾਲ ਜਾ ਕੇ ਇਸ ਘਟਨਾ 'ਚ ਜ਼ਖ਼ਮੀ ਹੋਏ ਵਿਅਕਤੀਆਂ ਨਾਲ ਵੀ ਗੱਲਬਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੰਘੇ ਵੀਰਵਾਰ ਨੂੰ ਪਾਰਟੀ ਆਗੂ ਹੁਸੈਨ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮਾਮਲੇ 'ਚ ਟੀਐੱਮਸੀ 'ਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਚਾਉਣ ਦੇ ਦੋਸ਼ ਲਾ ਰਹੀ ਹੈ ਜਦਕਿ ਟੀਐੱਮਸੀ ਨੇ ਇਹ ਸਾਰੇ ਦੋਸ਼ ਨਕਾਰੇ ਹਨ।

ਇਸ ਤੋਂ ਪਹਿਲਾਂ ਦਿਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੱਛਮੀ ਬੰਗਾਲ ਦੇ ਰਾਮਪੁਰਹਾਟ ਵਿਚਲੇ ਗੈਸਟ ਹਾਊਸ 'ਚ ਆਪਣਾ ਆਰਜ਼ੀ ਕੈਂਪ ਦਫ਼ਤਰ ਸਥਾਪਤ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੀਰਭੂਮ ਹਿੰਸਾ ਕੇਸ ਦੀ ਜਾਂਚ ਸੀਬੀਆਈ ਨੇ ਆਪਣੇ ਹੱਥਾਂ 'ਚ ਲੈ ਲਈ ਸੀ। -ਆਈਏਐੱਨਐੱਸ

ਪੱਛਮੀ ਬੰਗਾਲ 'ਚ ਧਾਰਾ 355 ਲਾਗੂ ਹੋਵੇ: ਕਾਂਗਰਸ

ਕੋਲਕਾਤਾ: ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਅੱਜ ਮੰਗ ਕੀਤੀ ਕਿ ਸੂਬੇ ਵਿੱਚ ਧਾਰਾ 355 ਲਾਗੂ ਕੀਤੀ ਜਾਵੇ ਕਿਉਂਕਿ ਇੱਥੇ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋ ਚੁੱਕੀ ਹੈ। ਉਹ ਫਰਵਰੀ ਮਹੀਨੇ ਵਿਦਿਆਰਥੀ ਆਗੂ ਅਨੀਸ ਖਾਨ ਦੀ ਸ਼ੱਕੀ ਹਾਲਤਾਂ 'ਚ ਹੋਈ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਕਦਮਤਾਲ ਤੋਂ ਹਾਵੜਾ ਤੱਕ ਪੈਦਲ ਯਾਤਰਾ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਇੱਕ ਤੋਂ ਬਾਅਦ ਇੱਕ ਘਟਨਾ ਵਾਪਰ ਰਹੀ ਹੈ। ਵਿਦਿਆਰਥੀ ਆਗੂ ਅਨੀਸ ਖਾਨ ਨੂੰ ਉਸ ਦੇ ਘਰ ਦੀ ਤੀਜੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ ਗਿਆ ਸੀ ਅਤੇ ਸੂਬਾ ਸਰਕਾਰ ਦੀ ਜਾਂਚ ਵਿੱਚ ਅਸਲੀ ਮੁਲਜ਼ਮਾਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, 'ਇਸ ਤੋਂ ਬਾਅਦ ਬੀਰਭੂਮ ਹਿੰਸਾ ਦੀ ਘਟਨਾ ਵਾਪਰੀ ਜਿੱਥੇ ਅੱਠ ਲੋਕਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ। ਝਾਲਫਾ ਨਗਰ ਨਿਗਮ 'ਚ ਸਾਡੇ ਕੌਂਸਲਰ ਤਪਨ ਕਾਂਡੂ ਨੂੰ ਕਤਲ ਕਰ ਦਿੱਤਾ ਗਿਆ ਪਰ ਅਜੇ ਤੱਕ ਕੋਈ ਜਾਂਚ ਨਹੀਂ ਹੋਈ। ਇਹ ਸਭ ਘਟਨਾਵਾਂ ਇਸ ਗੱਲ ਦੇ ਸੰਕੇਤ ਹਨ ਕਿ ਟੀਐੱਮਸੀ ਦੇ ਰਾਜ ਵਿੱਚ ਪੱਛਮੀ ਬੰਗਾਲ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।' -ਪੀਟੀਆਈ



Most Read

2024-09-21 20:10:13