Breaking News >> News >> The Tribune


ਦੀਵਾਲੀਆ ਕੰਪਨੀਆਂ ਦੇ ਪ੍ਰਮੋਟਰਾਂ ਨੂੰ ਬਚਾਅ ਰਹੀ ਹੈ ਸਰਕਾਰ: ਕਾਂਗਰਸ


Link [2022-03-28 06:36:51]



ਨਵੀਂ ਦਿੱਲੀ, 27 ਮਾਰਚ

ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਕੁਝ ਕੰਪਨੀਆਂ ਦੇ ਪ੍ਰਮੋਟਰਾਂ ਨੂੰ ਬਚਾ ਰਹੀ ਹੈ ਜੋ ਖ਼ੁਦ ਨੂੰ ਦੀਵਾਲੀਆ ਐਲਾਨ ਰਹੀਆਂ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਸੰਜੈ ਨਿਰੁਪਮ ਨੇ ਇਸ ਸਬੰਧੀ ਐਮਟੈੱਕ ਗਰੁੱਪ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ। ਕਾਂਗਰਸ ਆਗੂ ਨੇ ਕਿਹਾ ਕਿ ਐਮਟੈੱਕ ਆਟੋ ਬਾਰੇ 'ਅਰਨਸਟ ਐਂਡ ਯੰਗ' ਦੀ ਇਕ ਰਿਪੋਰਟ ਆਈ ਹੈ। ਇਸ ਵਿਚ ਉਭਾਰੇ ਗਏ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ। ਨਿਰੁਪਮ ਨੇ ਕਿਹਾ ਕਿ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਐਮਟੈੱਕ ਗਰੁੱਪ ਨੇ ਮਰਜ਼ੀ ਮੁਤਾਬਕ ਲੈਣ-ਦੇਣ ਕੀਤਾ ਹੈ, ਲੈਣ-ਦੇਣ ਵਿਚ ਕਰਜ਼ਦਾਤਾ ਨਾਲ ਧੋਖਾਧੜੀ ਕੀਤੀ ਗਈ ਹੈ ਤੇ 70 ਪ੍ਰਤੀਸ਼ਤ ਅਸਾਸੇ ਫ਼ਰਜ਼ੀ ਕੰਪਨੀਆਂ ਵਿਚ ਲਾਏ ਗਏ ਹਨ। ਈਵਾਈ ਦੀ ਰਿਪੋਰਟ ਮੁਤਾਬਕ ਗਰੁੱਪ ਦੀਆਂ ਕੰਪਨੀਆਂ ਨੇ ਭਾਰਤੀ ਬੈਂਕਾਂ ਤੋਂ 25 ਹਜ਼ਾਰ ਕਰੋੜ ਰੁਪਏ ਕਰਜ਼ਾ ਲਿਆ ਸੀ। ਕੰਪਨੀ ਨੂੰ ਮਗਰੋਂ 1500 ਕਰੋੜ ਰੁਪਏ ਵਿਚ ਵੇਚ ਦਿੱਤਾ ਗਿਆ। ਕੰਪਨੀ ਦੇ ਪ੍ਰਮੋਟਰਾਂ ਨੇ 7500 ਕਰੋੜ ਰੁਪਏ ਦੇ ਲੈਣ-ਦੇਣ ਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਤੇ 12,500 ਕਰੋੜ ਰੁਪਏ ਫ਼ਰਜ਼ੀ ਕੰਪਨੀਆਂ ਵਿਚ ਲਾ ਕੇ ਇਨ੍ਹਾਂ ਨੂੰ ਹੋਰ ਮੰਤਵਾਂ ਲਈ ਵਰਤ ਲਿਆ। ਕਾਂਗਰਸ ਆਗੂ ਨੇ ਕਿਹਾ ਕਿ ਰਿਪੋਰਟ ਸਾਡੇ ਸਾਹਮਣੇ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸਵਾਲ ਕੀਤਾ ਕਿ ਕਿਉਂ ਕੰਪਨੀ ਦੇ ਪ੍ਰਮੋਟਰਾਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀਬੀਆਈ ਹੀ ਇਸ ਮਾਮਲੇ ਦੀ ਜਾਂਚ ਕਰ ਸਕਦੀ ਹੈ ਕਿਉਂਕਿ ਅਜਿਹਾ ਜਾਪਦਾ ਹੈ ਕਿ ਕਾਰਪੋਰੇਟ ਮੰਤਰਾਲਾ ਕੰਪਨੀ ਦੇ ਨਾਲ ਰਲਿਆ ਹੋਇਆ ਸੀ। ਅੰਕੜੇ ਸਾਂਝੇ ਕਰਦਿਆਂ ਨਿਰੂਪਮ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਹੀ ਬੈਂਕਾਂ ਦੇ ਛੇ ਲੱਖ ਕਰੋੜ ਰੁਪਏ ਉੱਡ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਅਜਿਹੇ ਸਾਰੇ ਕੇਸਾਂ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਕੰਪਨੀਆਂ ਦੇ ਡੁੱਬੇ ਕਰਜ਼ਿਆਂ ਦੇ ਕੇਸ ਹੱਲ ਕਰਨ ਦੇ ਨਾਂ 'ਤੇ ਸੰਸਥਾਗਤ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਇਸ ਮੌਕੇ ਏਬੀਜੀ ਸ਼ਿਪਯਾਰਡ ਕੇਸ ਦਾ ਵੀ ਜ਼ਿਕਰ ਕੀਤਾ। -ਪੀਟੀਆਈ



Most Read

2024-09-21 20:40:19