Breaking News >> News >> The Tribune


ਸਤਿਅਮ-ਲਿਬਰਟੀ ਸਿਨੇਮਾ ਘਰ ਧਮਾਕਿਆਂ ਦੇ ਕੇਸ ਦਾ ਮੁਲਜ਼ਮ ਬਰੀ


Link [2022-03-28 06:36:51]



ਨਵੀਂ ਦਿੱਲੀ, 27 ਮਾਰਚ

ਇਥੋਂ ਦੀ ਅਦਾਲਤ ਨੇ 2005 ਦੇ ਸਤਿਅਮ ਅਤੇ ਲਿਬਰਟੀ ਸਿਨੇਮਾ ਘਰ ਬੰਬ ਧਮਾਕਿਆਂ ਦੇ ਮਾਮਲੇ 'ਚ ਖਾੜਕੂ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਕਥਿਤ ਤੌਰ 'ਤੇ ਜੁੜੇ ਮੁਲਜ਼ਮ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪੁਲੀਸ ਮੁਲਜ਼ਮ ਖ਼ਿਲਾਫ਼ ਦੋਸ਼ ਸਾਬਿਤ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਵਧੀਕ ਸੈਸ਼ਨ ਜੱਜ ਧਰਮੇਂਦਰ ਨੇ ਕਿਹਾ ਕਿ ਸਰਕਾਰੀ ਧਿਰ ਨੇ ਭਾਵੇਂ ਉਸ ਦੀ ਟੈਲੀਫੋਨ ਗੱਲਬਾਤ 'ਚ 'ਪਲਾਟ, ਖੇਤ, ਫ਼ਸਲ, ਪਾਣੀ' ਆਦਿ ਜਿਹੇ ਆਮ ਸ਼ਬਦਾਂ ਦੇ ਅਰਥ ਕੱਢੇ ਹਨ ਪਰ ਕਿਸੇ ਉਤਸ਼ਾਹੀ ਪੁਲੀਸ ਅਧਿਕਾਰੀ ਵੱਲੋਂ ਇਨ੍ਹਾਂ ਸਾਧਾਰਨ ਜਿਹੇ ਸ਼ਬਦਾਂ ਦੇ ਸ਼ੱਕ ਦੇ ਆਧਾਰ 'ਤੇ ਗਲਤ ਅਰਥ ਕੱਢੇ ਜਾਣ ਦੀ ਸੰਭਾਵਨਾ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਹੈ। ਜੱਜ ਨੇ ਕਿਹਾ ਕਿ ਮੁਲਜ਼ਮ ਤ੍ਰਿਲੋਚਨ ਸਿੰਘ ਨੂੰ ਯੂਏਪੀਏ ਦੀ ਧਾਰਾ 18 ਤੇ 20 ਅਤੇ ਆਰਮਜ਼ ਐਕਟ ਦੀ ਧਾਰਾ ਹੇਠ ਦੋਸ਼ੀ ਠਹਿਰਾਉਣ ਦੇ ਢੁੱਕਵੇਂ ਸਬੂਤ ਨਹੀਂ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਪੁਲੀਸ ਇਹ ਵੀ ਸਾਬਿਤ ਕਰਨ 'ਚ ਨਾਕਾਮ ਰਹੀ ਕਿ ਮੁਲਜ਼ਮ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਸੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਡਰਾਈਵਰ ਤ੍ਰਿਲੋਚਨ ਸਿੰਘ ਨੂੰ ਸਿਨੇਮਾ ਘਰਾਂ 'ਚ ਬੰਬ ਧਮਾਕਿਆਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਪੰਜਾਬ 'ਚ ਮੁੜ ਤੋਂ ਅਤਿਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਅਦਾਲਤ ਨੇ ਕਿਹਾ ਕਿ ਤ੍ਰਿਲੋਚਨ ਨੂੰ ਧਾਰਾ 18 ਤਹਿਤ ਇਸ ਆਧਾਰ 'ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ ਕਿ ਇਕ ਹੋਰ ਮੁਲਜ਼ਮ ਨੇ ਦੋਸ਼ ਮੰਨ ਲਏ ਸਨ। ਪੁਲੀਸ ਮੁਤਾਬਕ ਇਸ ਕੇਸ 'ਚ 9 ਵਿਅਕਤੀ ਮੁਲਜ਼ਮ ਸਨ ਜਿਨ੍ਹਾਂ 'ਚੋਂ ਅੱਠ ਨੇ ਕਸੂਰ ਮੰਨ ਲਿਆ ਸੀ। -ਪੀਟੀਆਈ



Most Read

2024-09-21 20:42:28