Breaking News >> News >> The Tribune


ਦਿੱਲੀ ਹਵਾਈ ਅੱਡੇ ਤੱਕ ਪੰਜਾਬ ਦੀਆਂ ਬੱਸਾਂ ਚਲਾਉਣ ਲਈ ਕੇਜਰੀਵਾਲ ਕੋਲ ਮੁੱਦਾ ਉਠਾਉਣ ਭਗਵੰਤ ਮਾਨ: ਬਾਜਵਾ


Link [2022-03-27 07:13:22]



ਚੰਡੀਗੜ੍ਹ, 26 ਮਾਰਚ

ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਸੂਬੇ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਚਲਾਉਣ ਲਈ ਕੌਮੀ ਰਾਜਧਾਨੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਇਹ ਮੁੱਦਾ ਉਠਾਉਣ। ਕਾਦੀਆਂ ਤੋਂ ਵਿਧਾਇਕ ਬਾਜਵਾ ਨੇ ਕਿਹਾ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪਨਬਸ ਨੂੰ ਦਿੱਲੀ 'ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਟਰਾਂਸਪੋਰਟ 'ਤੇ ਇਸ 'ਪਾਬੰਦੀ' ਦਾ ਲਾਹਾ ਟਰਾਂਸਪੋਰਟ ਮਾਫ਼ੀਆ ਨੂੰ ਹੋ ਰਿਹਾ ਹੈ। ਬਾਜਵਾ ਨੇ ਟਵੀਟ ਕਰਕੇ ਕਿਹਾ,''ਪੀਆਰਟੀਸੀ ਅਤੇ ਪਨਬਸ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੱਕ ਆਪਣੀਆਂ ਬੱਸਾਂ ਚਲਾਉਣ ਦੀ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਹੈ। ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਹ ਮੁੱਦਾ ਤੁਰੰਤ ਦਿੱਲੀ ਦੇ ਮੁੱਖ ਮੰਤਰੀ ਕੋਲ ਉਠਾਉਣ।'' ਇਕ ਹੋਰ ਟਵੀਟ ਰਾਹੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਹਵਾਈ ਅੱਡੇ ਤੱਕ ਪੰਜਾਬ ਦੀਆਂ ਬੱਸਾਂ ਨਾ ਚੱਲਣ ਕਾਰਨ ਪੰਜਾਬ ਸਰਕਾਰ ਦੇ ਹਿੱਤਾਂ, ਆਮ ਲੋਕਾਂ ਅਤੇ ਪਰਵਾਸੀ ਭਾਰਤੀਆਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਹਾ ਸਿਰਫ਼ ਟਰਾਂਸਪੋਰਟ ਮਾਫ਼ੀਆ ਲੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਰਹਿੰਦਿਆਂ ਪਿਛਲੇ ਸਾਲ ਦਸੰਬਰ 'ਚ ਅੰਮ੍ਰਿਤਸਰ 'ਚ ਕੇਜਰੀਵਾਲ ਨੂੰ ਸਵਾਲ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀਆਂ ਬੱਸਾਂ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਕਿਉਂ ਨਹੀਂ ਜਾਣ ਦੇ ਰਹੀ ਹੈ। ਉਸ ਸਮੇਂ ਵੜਿੰਗ ਨੇ ਕਿਹਾ ਸੀ ਕਿ ਪ੍ਰਾਈਵੇਟ ਬੱਸਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਦਾ ਤਿੰਨ ਗੁਣਾ ਕਿਰਾਇਆ ਵਸੂਲਦੀਆਂ ਹਨ ਪਰ ਪੰਜਾਬ ਦੀਆਂ ਵੋਲਵੋ ਬੱਸਾਂ ਨੂੰ ਉਥੇ ਤੱਕ ਜਾਣ ਤੋਂ ਰੋਕਿਆ ਜਾ ਰਿਹਾ ਹੈ। -ਪੀਟੀਆਈ



Most Read

2024-09-21 23:12:38