Breaking News >> News >> The Tribune


ਯੂਪੀ ’ਚ ਮੁਫ਼ਤ ਰਾਸ਼ਨ ਯੋਜਨਾ ਤਿੰਨ ਮਹੀਨਿਆਂ ਲਈ ਵਧਾਈ


Link [2022-03-27 07:13:22]



ਲਖਨਊ: ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਸਰਕਾਰ ਨੇ ਆਪਣੀ ਦੂਜੀ ਪਾਰੀ 'ਚ ਪਹਿਲਾ ਵੱਡਾ ਫ਼ੈਸਲਾ ਲੈਂਦਿਆਂ ਮੁਫ਼ਤ ਰਾਸ਼ਨ ਯੋਜਨਾ ਤਿੰਨ ਹੋਰ ਮਹੀਨੇ ਲਈ ਵਧਾ ਦਿੱਤੀ ਹੈ। ਇਸ ਯੋਜਨਾ ਦੀ ਸ਼ੁਰੂਆਤ ਕੋਵਿਡ-19 ਮਹਾਮਾਰੀ ਦੌਰਾਨ ਕੀਤੀ ਗਈ ਸੀ ਅਤੇ ਇਹ ਮਾਰਚ ਦੇ ਅਖੀਰ 'ਚ ਖ਼ਤਮ ਹੋ ਜਾਣੀ ਸੀ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸੂਬੇ 'ਚ ਇਸ ਪ੍ਰੋਗਰਾਮ ਦਾ 15 ਕਰੋੜ ਲੋਕਾਂ ਨੂੰ ਲਾਹਾ ਮਿਲ ਰਿਹਾ ਹੈ। ਯੋਜਨਾ ਤਹਿਤ ਲੋਕਾਂ ਨੂੰ ਦਾਲਾਂ, ਲੂਣ, ਚੀਨੀ, ਅਨਾਜ ਅਤੇ ਹੋਰ ਵਸਤਾਂ ਅਗਲੇ ਤਿੰਨ ਹੋਰ ਮਹੀਨਿਆਂ ਤੱਕ ਮੁਫ਼ਤ ਮਿਲਣਗੀਆਂ। ਮੁਫ਼ਤ ਰਾਸ਼ਨ ਵੰਡਣ ਦੀ ਇਸ ਯੋਜਨਾ ਦਾ ਉੱਤਰ ਪ੍ਰਦੇਸ਼ 'ਚ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਜਿੱਤ 'ਚ ਵਧੇਰੇ ਅਸਰ ਦੇਖਣ ਨੂੰ ਮਿਲਿਆ ਸੀ। ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਦਿੱਤਿਆਨਾਥ ਨੇ ਕਿਹਾ,''ਕੋਵਿਡ-19 ਕਾਲ ਦੌਰਾਨ ਨਰਿੰਦਰ ਮੋਦੀ ਨੇ ਹਰੇਕ ਨਾਗਰਿਕ ਲਈ ਪ੍ਰਧਾਨ ਮੰਤਰੀ ਅੰਨ ਯੋਜਨਾ ਸ਼ੁਰੂ ਕੀਤੀ ਸੀ ਜਿਸ ਦਾ ਮੁਲਕ ਦੇ 80 ਕਰੋੜ ਲੋਕਾਂ ਨੂੰ ਲਾਭ ਮਿਲਿਆ ਸੀ। ਇਨ੍ਹਾਂ 'ਚੋਂ 15 ਕਰੋੜ ਲੋਕ ਯੂਪੀ ਦੇ ਸਨ।'' ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵੀ ਅੰਤੋਦਿਆ ਲਾਭਪਾਤਰੀਆਂ ਅਤੇ ਯੋਗ ਲੋਕਾਂ ਲਈ ਅਪਰੈਲ 2020 ਤੋਂ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਅੰਤੋਦਿਆ ਪਰਿਵਾਰਾਂ ਨੂੰ 35 ਕਿਲੋ ਅਨਾਜ ਅਤੇ ਯੋਗ ਲੋਕਾਂ ਨੂੰ ਪੰਜ ਕਿਲੋ ਅਨਾਜ ਮਿਲ ਰਿਹਾ ਹੈ। ਇਸ ਦੇ ਨਾਲ ਸੂਬਾ ਸਰਕਾਰ ਵੱਲੋਂ ਹਰੇਕ ਪਰਿਵਾਰ ਨੂੰ ਇਕ ਕਿਲੋ ਦਾਲ, ਇਕ ਕਿਲੋ ਰਿਫਾਇੰਡ ਤੇਲ ਅਤੇ ਇਕ ਕਿਲੋ ਲੂਣ ਦਿੱਤਾ ਜਾ ਰਿਹਾ ਹੈ। ਯੋਗੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਹਮੇਸ਼ਾ ਲੋਕਾਂ ਨਾਲ ਖੜ੍ਹੀ ਰਹੀ। ਪ੍ਰੈੱਸ ਕਾਨਫਰੰਸ ਦੌਰਾਨ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਿਜ਼ੇਸ਼ ਪਾਠਕ, ਸੁਰੇਸ਼ ਕੁਮਾਰ ਖੰਨਾ ਅਤੇ ਸਵਤੰਤਰ ਦੇਵ ਸਿੰਘ ਵੀ ਹਾਜ਼ਰ ਸਨ। -ਪੀਟੀਆਈ



Most Read

2024-09-21 23:08:28