Breaking News >> News >> The Tribune


‘ਸਪਾ’ ਵਿਧਾਇਕ ਦਲ ਨੇ ਅਖਿਲੇਸ਼ ਨੂੰ ਆਗੂ ਚੁਣਿਆ


Link [2022-03-27 07:13:22]



ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਅੱਜ ਸਰਬਸੰਮਤੀ ਨਾਲ 'ਸਪਾ' ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਇੱਥੇ ਅੱਜ ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ ਵਿਚ ਅਖਿਲੇਸ਼ ਨੂੰ ਨੇਤਾ ਚੁਣਿਆ ਗਿਆ। ਅਖਿਲੇਸ਼ ਮੈਨਪੁਰੀ ਦੇ ਕਰਹਲ ਤੋਂ ਜਿੱਤ ਕੇ ਵਿਧਾਇਕ ਬਣੇ ਹਨ। ਹੁਣ ਉਨ੍ਹਾਂ ਦੇ ਯੂਪੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਹਾਲ ਹੀ ਵਿਚ ਆਜ਼ਮਗੜ੍ਹ ਤੋਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯੂਪੀ ਵਿਚ 'ਸਪਾ' ਦੇ ਪ੍ਰਧਾਨ ਨਰੇਸ਼ ਉੱਤਮ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਯਾਦਵ ਦੇ ਨਾਂ ਦਾ ਐਲਾਨ ਕੀਤਾ। 'ਸਪਾ' ਦੀ ਅੱਜ ਦੀ ਵਿਧਾਇਕ ਦਲ ਦੀ ਮੀਟਿੰਗ 'ਚੋਂ ਅਖਿਲੇਸ਼ ਦੇ ਚਾਚਾ ਸ਼ਿਵਪਾਲ ਸਿੰਘ ਯਾਦਵ ਗੈਰਹਾਜ਼ਰ ਰਹੇ। ਉਹ ਪਾਰਟੀ ਟਿਕਟ 'ਤੇ ਜਸਵੰਤ ਨਗਰ ਸੀਟ ਤੋਂ ਜਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮੀਟਿੰਗ ਲਈ ਸੱਦਾ ਨਹੀਂ ਭੇਜਿਆ ਗਿਆ। ਉਨ੍ਹਾਂ ਖ਼ੁਦ ਵੀ ਬਿਆਨ ਜਾਰੀ ਕਰਦਿਆਂ ਕਿਹਾ, 'ਮੈਨੂੰ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਸਪਾ ਆਗੂਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤਰ੍ਹਾਂ ਦੀ ਸਥਿਤੀ ਵਿਚ ਮੇਰਾ ਮੀਟਿੰਗ ਵਿਚ ਜਾਣਾ ਸਹੀ ਨਹੀਂ ਹੁੰਦਾ।' ਸ਼ਿਵਪਾਲ ਯਾਦਵ ਨੇ ਕਿਹਾ ਕਿ ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਨਿਭਾਉਣਗੇ ਪਰ ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬੈਠਕ ਲਈ ਨਹੀਂ ਸੱਦਿਆ ਗਿਆ। ਸਪਾ ਯੂਪੀ ਦੇ ਪ੍ਰਧਾਨ ਨਰੇਸ਼ ਉੱਤਮ ਨੇ ਸਪੱਸ਼ਟ ਕੀਤਾ ਕਿ ਸਿਰਫ਼ 'ਸਪਾ' ਦੇ ਉਮੀਦਵਾਰਾਂ ਨੂੰ ਅੱਜ ਸੱਦਿਆ ਗਿਆ ਸੀ। ਅਖਿਲੇਸ਼ ਤੇ ਸ਼ਿਵਪਾਲ ਯਾਦਵ ਦਰਮਿਆਨ ਰਿਸ਼ਤੇ ਜ਼ਿਆਦਾਤਰ ਕੁੜੱਤਣ ਵਾਲੇ ਹੀ ਰਹੇ ਹਨ। ਜ਼ਿਕਰਯੋਗ ਹੈ ਕਿ 'ਸਪਾ' ਗੱਠਜੋੜ ਦੇ ਇਸ ਵਾਰ 403 ਮੈਂਬਰੀ ਵਿਧਾਨ ਸਭਾ ਵਿਚ 125 ਮੈਂਬਰ ਹਨ। -ਪੀਟੀਆਈ

ਚੋਣ ਨਤੀਜਿਆਂ ਦੀ ਸਮੀਖਿਆ ਲਈ ਆਰਐਲਡੀ ਨੇ ਕਮੇਟੀ ਬਣਾਈ

ਲਖ਼ਨਊ: ਰਾਸ਼ਟਰੀਆ ਲੋਕ ਦਲ (ਆਰਐਲਡੀ) ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਚੌਧਰੀ ਜੈਅੰਤ ਸਿੰਘ ਨੇ ਅੱਜ ਇੱਥੇ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਨਾਲ ਬੈਠਕ ਕੀਤੀ। ਚੌਧਰੀ ਨੇ ਕਿਹਾ ਕਿ ਸਮੀਖਿਆ ਮਗਰੋਂ ਲਖਨਊ ਵਿਚ ਵਰਕਰਾਂ ਦੀ ਇਕ ਵੱਡੀ ਕਾਨਫਰੰਸ ਕਰਵਾਈ ਜਾਵੇਗੀ। ਆਰਐਲਡੀ ਨੇ ਚੋਣਾਂ 'ਸਪਾ' ਨਾਲ ਗੱਠਜੋੜ ਕਰ ਕੇ ਲੜੀਆਂ ਸਨ। ਪਾਰਟੀ ਦੇ ਅੱਠ ਵਿਧਾਇਕ ਚੁਣੇ ਗਏ ਹਨ। ਚੌਧਰੀ ਨੇ ਅੱਜ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਵੀ ਮੁਲਾਕਾਤ ਕੀਤੀ ਤੇ ਦੋਵਾਂ ਨੇ ਮਿਲ ਕੇ ਕੰਮ ਕਰਨ ਦਾ ਅਹਿਦ ਕੀਤਾ।



Most Read

2024-09-21 23:13:33