World >> The Tribune


ਜ਼ੇਲੈਂਸਕੀ ਨੇ ਰੂਸ ਅੱਗੇ ਮੁੜ ਵਾਰਤਾ ਦੀ ਤਜਵੀਜ਼ ਰੱਖੀ


Link [2022-03-27 05:55:42]



ਕੀਵ/ਲਵੀਵ, 26 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੁੜ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਜੰਗ ਖ਼ਤਮ ਕਰਨ ਲਈ ਉਨ੍ਹਾਂ ਨਾਲ ਸਿੱਧੀ ਗੱਲਬਾਤ ਸ਼ੁਰੂ ਕਰਨ। ਪਰ ਉਨ੍ਹਾਂ ਨਾਲ ਹੀ ਕਿਹਾ ਕਿ ਸ਼ਾਂਤੀ ਖਾਤਰ ਯੂਕਰੇਨ ਆਪਣੀ ਜ਼ਮੀਨ ਦਾ ਕੋਈ ਹਿੱਸਾ ਨਹੀਂ ਛੱਡੇਗਾ। ਮੁਲਕ ਨੂੰ ਸੰਬੋਧਨ ਕਰਦਿਆਂ ਯੂਕਰੇਨੀ ਰਾਸ਼ਟਰਪਤੀ ਨੇ ਰੂਸੀ ਫ਼ੌਜੀ ਅਧਿਕਾਰੀ ਵੱਲੋਂ ਦਾਗੇ ਬਿਆਨ ਵੱਲ ਵੀ ਅਸਿੱਧੇ ਤੌਰ 'ਤੇ ਸੰਕੇਤ ਕੀਤਾ। ਰੂਸੀ ਫ਼ੌਜੀ ਸਟਾਫ਼ ਦੇ ਉਪ ਮੁਖੀ ਕਰਨਲ ਜਨਰਲ ਸਰਗੇਈ ਰੁਡਸਕੋਈ ਨੇ ਕਿਹਾ ਹੈ ਕਿ ਰੂਸੀ ਸੈਨਿਕ ਹੁਣ ਆਪਣੇ 'ਮੁੱਖ ਟੀਚੇ, ਡੋਨਬਾਸ ਦੀ ਆਜ਼ਾਦੀ ਵੱਲ ਵਧਣਗੇ।' ਰੂਸ ਪੱਖੀ ਵੱਖਵਾਦੀ ਪੂਰਬੀ ਯੂਕਰੇਨ ਦੇ ਡੋਨਬਾਸ ਖੇਤਰ ਨੂੰ 2014 ਤੋਂ ਕੰਟਰੋਲ ਕਰ ਰਹੇ ਹਨ। ਰੂਸ ਦੀ ਫ਼ੌਜ ਮਾਰਿਉਪੋਲ ਸ਼ਹਿਰ 'ਤੇ ਕਬਜ਼ੇ ਲਈ ਵੀ ਸੰਘਰਸ਼ ਕਰ ਰਹੀ ਹੈ। ਉੱਤਰੀ ਯੂਕਰੇਨ ਦੇ ਸ਼ਹਿਰ ਚਰਨੀਹੀਵ 'ਤੇ ਵੀ ਰੂਸ ਲਗਾਤਾਰ ਬੰਬਾਰੀ ਕਰ ਰਿਹਾ ਹੈ। ਇੱਥੇ ਬਿਜਲੀ, ਪਾਣੀ ਤੇ ਹੀਟਿੰਗ ਸਿਸਟਮ ਠੱਪ ਪਿਆ ਹੈ। ਸ਼ਹਿਰ ਅਗਲਾ 'ਮਾਰਿਉਪੋਲ' ਬਣਨ ਵੱਲ ਵੱਧ ਰਿਹਾ ਹੈ।

ਰੂਸੀ ਜਨਰਲ ਦਾ ਬਿਆਨ ਇਹ ਵੀ ਦਰਸਾਉਂਦਾ ਹੈ ਕਿ ਰੂਸ ਹੁਣ ਸ਼ਾਇਦ ਕੀਵ ਤੇ ਹੋਰ ਵੱਡੇ ਸ਼ਹਿਰਾਂ ਤੋਂ ਪਿੱਛੇ ਹਟ ਰਿਹਾ ਹੈ ਜਿੱਥੇ ਇਸ ਦਾ ਹੱਲਾ ਠੰਢਾ ਪੈ ਗਿਆ ਹੈ। ਜ਼ੇਲੈਂਸਕੀ ਨੇ ਨਾਲ ਹੀ ਕਿਹਾ ਕਿ ਰੂਸ ਦੇ ਹਜ਼ਾਰਾਂ ਸੈਨਿਕ ਮਾਰੇ ਗਏ ਹਨ ਪਰ ਉਹ ਹਾਲੇ ਤੱਕ ਕੀਵ ਤੇ ਖਾਰਕੀਵ ਹਾਸਲ ਨਹੀਂ ਕਰ ਸਕੇ ਹਨ। ਇਸੇ ਦੌਰਾਨ ਅੱਜ ਯੂਕਰੇਨ ਦੇ ਰਾਸ਼ਟਰਪਤੀ ਨੇ ਕਤਰ ਦੀ ਦੋਹਾ ਫੋਰਮ ਵਿਚ ਵੀ ਸੰਬੋਧਨ ਕੀਤਾ। ਉਨ੍ਹਾਂ ਕੁਦਰਤੀ ਗੈਸ ਭੰਡਾਰਾਂ ਨਾਲ ਭਰਪੂਰ ਇਸ ਮੁਲਕ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਉਤਪਾਦਨ ਵਧਾਉਣ ਤਾਂ ਕਿ ਰੂਸ ਦੀ ਸਪਲਾਈ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਜ਼ੇਲੈਂਸਕੀ ਨੇ ਰੂਸ ਵੱਲੋਂ ਮਾਰਿਉਪੋਲ ਉਤੇ ਕੀਤੇ ਹਮਲੇ ਦੀ ਤੁਲਨਾ ਸੀਰੀਆ ਦੀ ਜੰਗ ਵਿਚ ਅਲੇਪੋ ਸ਼ਹਿਰ ਉਤੇ ਕੀਤੇ ਗਏ ਹਮਲੇ ਨਾਲ ਕੀਤੀ। -ਏਪੀ

ਤੁਰਕੀ ਦੇ ਰਾਸ਼ਟਰਪਤੀ ਵੱਲੋਂ ਜ਼ੇਲੈਂਸਕੀ ਨਾਲ ਫੋਨ 'ਤੇ ਰਾਬਤਾ

ਇਸਤਾਂਬੁਲ: ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਏਰਦੋਗਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਫੋਨ 'ਤੇ ਗੱਲਬਾਤ ਕਰਕੇ ਯੂਕਰੇਨ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਰੂਸ ਤੇ ਯੂਕਰੇਨ ਦਰਮਿਆਨ ਹੋ ਰਹੀ ਵਾਰਤਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਏਰਦੋਗਾਂ ਨੇ ਜ਼ੇਲੈਂਸਕੀ ਨੂੰ ਦੱਸਿਆ ਕਿ ਤੁਰਕੀ ਨੇ ਨਾਟੋ ਸੰਮੇਲਨ ਵਿਚ ਯੂਕਰੇਨ ਦੀ ਖੇਤਰੀ ਅਖੰਡਤਾ ਦਾ ਜ਼ਿਕਰ ਕੀਤਾ ਹੈ ਤੇ ਇਸ ਦੀ ਰਾਖੀ ਦਾ ਪੱਖ ਪੂਰਿਆ ਹੈ। -ਰਾਇਟਰਜ਼



Most Read

2024-09-20 19:54:48