Breaking News >> News >> The Tribune


ਯੋਗੀ ਨੇ ਦੂਜੀ ਵਾਰ ਉੱਤਰ ਪ੍ਰਦੇਸ਼ ਸਰਕਾਰ ਦੀ ਕਮਾਨ ਸੰਭਾਲੀ


Link [2022-03-26 23:32:13]



ਲਖਨਊ, 25 ਮਾਰਚ

ਯੋਗੀ ਆਦਿੱਤਿਆਨਾਥ ਨੇ ਅੱਜ ਇੱਥੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲਗਾਤਾਰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਸੀਨੀਅਰ ਭਾਜਪਾ ਆਗੂ ਵੀ ਪਹੁੰਚੇ ਹੋਏ ਸਨ। ਇਸ ਦੌਰਾਨ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਿਜੇਸ਼ ਪਾਠਕ ਨੂੰ ਉੱਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ 52 ਵਿਧਾਿੲਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਯੋਗੀ ਆਦਿੱਤਿਆਨਾਥ ਨੂੰ ਅਹੁਦੇ ਦੀ ਸਹੁੰ ਚੁਕਵਾਈ। ਯੋਗੀ ਨੂੰ ਬੀਤੇ ਦਿਨ ਸਰਬਸੰਮਤੀ ਨਾਲ ਯੂਪੀ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ ਜਿਸ ਮਗਰੋਂ ਉਨ੍ਹਾਂ ਸੂਬੇ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਇਹ ਸਹੁੰ ਚੁੱਕ ਸਮਾਗਮ ਇੱਥੋਂ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ 'ਚ ਹੋਇਆ ਜਿੱਥੇ 50 ਹਜ਼ਾਰ ਦੇ ਕਰੀਬ ਲੋਕ ਮੌਜੂਦ ਸਨ। ਸਮਾਗਮ ਦੌਰਾਨ ਸੁਰੇਸ਼ ਖੰਨਾ, ਸੂਰਿਆ ਪ੍ਰਤਾਪ ਸਾਹੀ, ਸਵਤੰਤਰ ਦੇਵ ਸਿੰਘ, ਬੇਬੀ ਰਾਣੀ ਮੌਰਿਆ ਤੇ ਆਈਏਐੱਸ ਤੋਂ ਸਿਆਸਤਦਾਨ ਬਣੇ ਏ.ਕੇ. ਸ਼ਰਮਾ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਭਾਜਪਾ ਦੀਆਂ ਭਾਈਵਾਲ ਪਾਰਟੀਆਂ 'ਚੋਂ ਅਪਨਾ ਦਲ ਦੇ ਆਸ਼ੀਸ਼ ਪਟੇਲ ਅਤੇ ਨਿਸ਼ਾਦ ਪਾਰਟੀ ਦੇ ਮੁਖੀ ਸੰਜੈ ਨਿਸ਼ਾਦ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਚੋਣਾਂ ਤੋਂ ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਜਿਤਿਨ ਪ੍ਰਸਾਦ ਵੀ ਕੈਬਨਿਟ 'ਚ ਸ਼ਾਮਲ ਹੋਣ 'ਚ ਕਾਮਯਾਬ ਰਹੇ। ਯੂਪੀ ਸਰਕਾਰ ਦੀ ਕੈਬਨਿਟ 'ਚ ਥਾਂ ਹਾਸਲ ਕਰਨ ਵਾਲੇ ਇੱਕ-ਇੱਕ ਮੁਸਲਿਮ ਆਗੂ ਦਾਨਿਸ਼ ਆਜ਼ਾਦ ਅਨਸਾਰੀ ਹਨ। ਆਈਪੀਐੱਸ ਤੋਂ ਸਿਆਸਤਦਾਨ ਬਣੇ ਅਸੀਮ ਅਰੁਣ, ਦਯਾ ਸ਼ੰਕਰ ਸਿੰਘ, ਨਿਤਿਨ ਅਗਰਵਾਲ ਤੇ ਕਲਿਆਣ ਸਿੰਘ ਦੇ ਪੜਪੋਤੇ ਸੰਦੀਪ ਸਿੰਘ ਨੂੰ ਵੀ ਮੰਤਰੀ (ਆਜ਼ਾਦਾਨਾ ਚਾਰਜ) ਬਣਾਇਆ ਗਿਆ ਹੈ। -ਪੀਟੀਆਈ

ਯੋਗੀ ਵੱਲੋਂ ਮੰਤਰੀਆਂ ਨਾਲ ਪਹਿਲੀ ਮੀਟਿੰਗ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸਹੁੰ ਚੁੱਕ ਸਮਾਗਮ ਤੋਂ ਬਾਅਦ ਆਪਣੇ ਮੰਤਰੀਆਂ ਨਾਲ ਲਖਨਊ 'ਚ ਪਹਿਲੀ ਮੀਟਿੰਗ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਤੇ ਹੋਰਨਾਂ ਆਗੂਆਂ ਦੇ ਜਾਣ ਤੋਂ ਬਾਅਦ ਲੋਕ ਭਵਨ ਵਿੱਚ ਇਹ ਮੀਟਿੰਗ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੇਂ ਬਣੇ ਮੰਤਰੀਆਂ ਨੂੰ ਅੱਜ ਦੇਰ ਰਾਤ ਜਾਂ ਭਲਕੇ ਸਵੇਰੇ ਵਿਭਾਗ ਸੌਂਪੇ ਜਾ ਸਕਦੇ ਹਨ। -ਏਜੰਸੀ



Most Read

2024-09-21 22:56:53