World >> The Tribune


ਇਮਰਾਨ ਖ਼ਿਲਾਫ਼ ਨਾ ਪੇਸ਼ ਹੋ ਸਕਿਆ ਬੇਭਰੋਸਗੀ ਮਤਾ, ਸੈਸ਼ਨ ਮੁਲਤਵੀ


Link [2022-03-26 14:11:58]



ਇਸਲਾਮਾਬਾਦ, 25 ਮਾਰਚ

ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਅਹਿਮ ਸੈਸ਼ਨ ਅੱਜ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤੇ ਬਿਨਾਂ ਮੁਲਤਵੀ ਹੋ ਗਿਆ। ਇਸ ਕਾਰਵਾਈ ਦਾ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਕੌਮੀ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਦ ਮੈਂਬਰ ਖ਼ਿਆਲ ਜ਼ਮਨ ਦੇ 14 ਫਰਵਰੀ ਨੂੰ ਹੋਏ ਦੇਹਾਂਤ ਕਾਰਨ ਸੈਸ਼ਨ 28 ਮਾਰਚ ਚਾਰ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਪਾਕਿਸਤਾਨ ਦੀ ਸੰਸਦ ਦੇ ਨੇਮਾਂ ਮੁਤਾਬਕ ਕਿਸੇ ਮੈਂਬਰ ਦੀ ਮੌਤ ਮਗਰੋਂ ਜਦ ਪਹਿਲਾ ਸੈਸ਼ਨ ਜੁੜਦਾ ਹੈ ਤਾਂ ਇਸ ਦਿਨ ਵਿਛੜੀ ਰੂਹ ਲਈ ਦੁਆ ਕੀਤੀ ਜਾਂਦੀ ਹੈ ਤੇ ਸਾਥੀ ਸੰਸਦ ਮੈਂਬਰ ਸ਼ਰਧਾਂਜਲੀ ਭੇਟ ਕਰਦੇ ਹਨ। ਹੋਰਾਂ ਸਿਆਸੀ ਧਿਰਾਂ ਦੇ ਕਈ ਪ੍ਰਮੁੱਖ ਮੈਂਬਰ ਜਿਨ੍ਹਾਂ ਵਿਚ ਵਿਰੋਧੀ ਧਿਰ ਦੇ ਆਗੂ ਸ਼ਹਿਬਾਜ਼ ਸ਼ਰੀਫ਼, ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਤੇ ਕੋ-ਚੇਅਰ ਆਸਿਫ਼ ਅਲੀ ਜ਼ਰਦਾਰੀ ਸ਼ਾਮਲ ਹਨ, ਅੱਜ ਇਸ ਮਹੱਤਵਪੂਰਨ ਸੈਸ਼ਨ ਲਈ ਸੰਸਦ ਵਿਚ ਹਾਜ਼ਰ ਸਨ। ਜਿਵੇਂ ਹੀ ਅੱਜ ਸਪੀਕਰ ਕੈਸਰ ਨੇ ਸੈਸ਼ਨ ਮੁਲਤਵੀ ਕੀਤਾ, ਵਿਰੋਧੀ ਧਿਰਾਂ ਦੇ ਆਗੂਆਂ ਨੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਉਨ੍ਹਾਂ ਬੇਭਰੋਸਗੀ ਮਤੇ ਉਤੇ ਚਰਚਾ ਦੀ ਬੇਨਤੀ ਕੀਤੀ ਪਰ ਸਪੀਕਰ ਨੇ ਆਪਣਾ ਮਾਈਕ ਬੰਦ ਕਰ ਦਿੱਤਾ ਤੇ ਚੈਂਬਰ ਵਿਚ ਪਰਤ ਗਏ। ਸਪੀਕਰ ਨੇ ਕਿਹਾ ਕਿ ਬੇਭਰੋਸਗੀ ਮਤੇ ਉਤੇ ਵਿਚਾਰ ਬਾਰੇ ਫ਼ੈਸਲਾ ਅਗਲੇ ਸੈਸ਼ਨ ਵਿਚ ਲਿਆ ਜਾਵੇਗਾ। ਨੇਮਾਂ ਮੁਤਾਬਕ ਕੌਮੀ ਅਸੈਂਬਲੀ ਵਿਚ ਮਤਾ ਰੱਖੇ ਜਾਣ ਦੇ ਤਿੰਨ ਤੋ ਸੱਤ ਦਿਨਾਂ ਦੇ ਅੰਦਰ ਇਸ ਉਤੇ ਵੋਟਿੰਗ ਕਰਨੀ ਹੁੰਦੀ ਹੈ। ਕੌਮੀ ਅਸੈਂਬਲੀ ਦੇ ਸਕੱਤਰੇਤ ਨੇ ਵੀਰਵਾਰ ਸੈਸ਼ਨ ਲਈ 15 ਨੁਕਾਤੀ ਏਜੰਡਾ ਰੱਖਿਆ ਸੀ ਜਿਸ ਵਿਚ ਬੇਭਰੋਸਗੀ ਮਤਾ ਵੀ ਸ਼ਾਮਲ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਆਗੂ ਖ਼ਵਾਜਾ ਆਸਿਫ਼ ਨੇ ਟਵੀਟ ਕੀਤਾ ਕਿ ਅੱਜ 163 ਮੈਂਬਰਾਂ ਵਿਚੋਂ 159 ਸਦਨ ਵਿਚ ਮੌਜੂਦ ਸਨ। ਇਹ ਸਪੱਸ਼ਟ ਨਹੀਂ ਹੈ ਕਿ ਸੱਤਾਧਾਰੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਿੰਨੇ ਮੈਂਬਰ ਸੈਸ਼ਨ ਵਿਚ ਮੌਜੂਦ ਸਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੇ 8 ਮਾਰਚ ਨੂੰ ਅਸੈਂਬਲੀ ਸਕੱਤਰੇਤ ਵਿਚ ਬੇਭਰੋਸਗੀ ਮਤਾ ਜਮ੍ਹਾਂ ਕਰਾਇਆ ਸੀ। ਉਨ੍ਹਾਂ ਇਮਰਾਨ ਸਰਕਾਰ ਨੂੰ ਮੁਲਕ ਵਿਚਲੇ ਆਰਥਿਕ ਸੰਕਟ ਤੇ ਮਹਿੰਗਾਈ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਮਰਾਨ ਨੂੰ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਬਗਾਵਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਦਾ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ ਹੈ। -ਪੀਟੀਆਈ

ਵਿਰੋਧੀ ਧਿਰਾਂ ਵੱਲੋਂ ਸਪੀਕਰ ਕੈਸਰ ਦੀ ਤਿੱਖੀ ਆਲੋਚਨਾ

ਸਦਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਪੀਐਮਐਲ-ਐੱਨ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ਼ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਬੇਭਰੋਸਗੀ ਮਤਾ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਅੱਗੇ ਜੋ ਵੀ ਹੋਵੇਗਾ, ਉਸ ਲਈ ਉਹ ਜ਼ਿੰਮੇਵਾਰ ਨਹੀਂ ਹੋਣਗੇ। ਸ਼ਹਿਬਾਜ਼ ਨੇ ਕਿਹਾ, 'ਅਸਦ ਕੈਸਰ ਨੇ ਪੀਟੀਆਈ ਦੇ ਵਰਕਰ ਹੋਣ ਵਰਗਾ ਕਦਮ ਚੁੱਕਿਆ ਹੈ ਨਾ ਕਿ ਅਸੈਂਬਲੀ ਸਪੀਕਰ ਵਾਲਾ।' ਉਨ੍ਹਾਂ ਕਿਹਾ ਕਿ ਜੇ ਕੈਸਰ ਨੇ 'ਇਮਰਾਨ ਖਾਨ ਦਾ ਗ਼ੁਲਾਮ ਬਣਨ ਦੀ ਕੋਸ਼ਿਸ਼ ਕੀਤੀ' ਤਾਂ ਵਿਰੋਧੀ ਧਿਰ ਕਾਨੂੰਨੀ ਤੇ ਸੰਵਿਧਾਨਕ ਰਾਹ ਅਖ਼ਤਿਆਰ ਕਰੇਗੀ। ਸ਼ਹਿਬਾਜ਼ ਨੇ ਸੰਵਿਧਾਨਕ ਤਜਵੀਜ਼ ਤਹਿਤ ਸਪੀਕਰ ਖ਼ਿਲਾਫ਼ ਵੀ ਕਾਰਵਾਈ ਮੰਗੀ।



Most Read

2024-09-20 21:47:06