Breaking News >> News >> The Tribune


ਯੋਗੀ ਭਾਜਪਾ ਵਿਧਾਇਕ ਦਲ ਦੇ ਆਗੂ ਬਣੇ, ਅੱਜ ਲੈਣਗੇ ਹਲਫ਼


Link [2022-03-26 02:20:25]



ਲਖਨਊ: ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਨੂੰ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ 'ਚ ਭਾਜਪਾ ਵਿਧਾਇਕ ਦਲ ਦਾ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ। ਬਾਅਦ 'ਚ ਉਨ੍ਹਾਂ ਰਾਜ ਭਵਨ 'ਚ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਹ ਭਲਕੇ ਸੂਬੇ ਦੇ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਹਲਫ਼ਦਾਰੀ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਹੋਰ ਕਈ ਸੀਨੀਅਰ ਆਗੂਆਂ ਦੇ ਹਾਜ਼ਰ ਰਹਿਣ ਦੀ ਸੰਭਾਵਨਾ ਹੈ। ਭਾਜਪਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਇਥੇ ਲੋਕ ਭਵਨ 'ਚ ਮੀਟਿੰਗ ਹੋਈ ਜਿਸ 'ਚ ਆਦਿੱਤਿਆਨਾਥ ਦਾ ਨਾਮ ਪਾਰਟੀ ਦੇ ਸੀਨੀਅਰ ਆਗੂ ਸੁਰੇਸ਼ ਕੁਮਾਰ ਖੰਨਾ ਨੇ ਪੇਸ਼ ਕੀਤਾ। ਬੇਬੀ ਰਾਣੀ ਮੌਰਿਆ, ਸੂਰਿਆ ਪ੍ਰਤਾਪ ਸ਼ਾਹੀ ਅਤੇ ਹੋਰਾਂ ਨੇ ਇਸ ਦੀ ਤਾਈਦ ਕੀਤੀ। ਅਪਨਾ ਦਲ (ਐੱਸ) ਦੇ ਆਗੂ ਆਸ਼ੀਸ਼ ਪਟੇਲ ਅਤੇ ਨਿਸ਼ਾਦ ਪਾਰਟੀ ਦੇ ਮੁਖੀ ਸੰਜੈ ਨਿਸ਼ਾਦ ਵੀ ਆਪਣੇ ਵਿਧਾਇਕਾਂ ਨਾਲ ਮੀਟਿੰਗ 'ਚ ਹਾਜ਼ਰ ਸਨ। ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ,''ਮੇਰੇ ਕੋਲ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਮੇਰਾ ਮਾਰਗ ਦਰਸ਼ਨ ਕੀਤਾ ਜਿਸ ਕਾਰਨ ਮੈਂ ਉੱਤਰ ਪ੍ਰਦੇਸ਼ 'ਚ ਚੰਗੀ ਸਰਕਾਰ ਚਲਾ ਸਕਿਆ।'' ਉਨ੍ਹਾਂ ਕਿਹਾ ਕਿ ਲੋਕਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਗਰੀਬਾਂ ਲਈ ਵੀ ਘਰ ਬਣ ਸਕਦਾ ਹੈ। 'ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਗਰੀਬਾਂ ਦੇ ਖ਼ਾਤਿਆਂ 'ਚ ਸਿੱਧੇ ਪੈਸਾ ਕਿਵੇਂ ਪਹੁੰਚਦਾ ਹੈ।' ਯੋਗੀ ਨੇ ਕਿਹਾ ਕਿ ਸੂਬੇ 'ਚ ਹੁਣ ਤਿਉਹਾਰ ਸ਼ਾਂਤਮਈ ਮਾਹੌਲ 'ਚ ਮਨਾਏ ਜਾਂਦੇ ਹਨ। ਇਸ ਮੌਕੇ ਅਮਿਤ ਸ਼ਾਹ ਨੇ ਯੋਗੀ ਦਾ ਗੁਣਗਾਣ ਕਰਦਿਆਂ ਕਿਹਾ ਕਿ ਯੂਪੀ 'ਚ ਪਿਛਲੇ 37 ਸਾਲਾਂ 'ਚ ਕੋਈ ਵੀ ਪਾਰਟੀ ਮੁੜ ਸੱਤਾ 'ਚ ਨਹੀਂ ਆਈ ਹੈ ਪਰ ਯੋਗੀ ਦੇ ਵਧੀਆ ਕਾਰਜਕਾਲ 'ਤੇ ਲੋਕਾਂ ਨੇ ਮੋਹਰ ਲਾਈ ਹੈ। -ਪੀਟੀਆਈ

ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ

ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂਆਂ ਨੇ ਉੱਤਰ ਪ੍ਰਦੇਸ਼ 'ਚ ਸਰਕਾਰ ਦੇ ਗਠਨ ਨੂੰ ਅੱਜ ਅੰਤਿਮ ਰੂਪ ਦਿੱਤਾ। ਉਪ ਮੁੱਖ ਮੰਤਰੀ ਦੇ ਅਹੁਦੇ ਲਈ ਕੇਸ਼ਵ ਪ੍ਰਸਾਦ ਮੌਰਿਆ, ਦਿਨੇਸ਼ ਸ਼ਰਮਾ ਅਤੇ ਬੇਬੀ ਰਾਣੀ ਮੌਰਿਆ ਦੇ ਨਾਮ ਅੱਗੇ ਚੱਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਸਮਝੇ ਜਾਂਦੇ ਬ੍ਰਿਜੇਸ਼ ਪਾਠਕ, ਸਵਤੰਤਰ ਦੇਵ ਸਿੰਘ ਅਤੇ ਏ ਕੇ ਸ਼ਰਮਾ ਨੂੰ ਵੀ ਅਹਿਮ ਅਹੁਦੇ ਦਿੱਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ



Most Read

2024-09-22 02:05:48