Breaking News >> News >> The Tribune


ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ: ਮਮਤਾ


Link [2022-03-26 02:20:25]



ਬੀਰਭੂਮ, 24 ਮਾਰਚ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਬੀਰਭੂਮ ਹਿੰਸਾ ਮਾਮਲੇ 'ਚ ਸ਼ੱਕੀਆਂ ਦੇ ਆਤਮ ਸਮਰਪਣ ਨਾ ਕਰਨ 'ਤੇ ਉਨ੍ਹਾਂ ਨੂੰ ਲੱਭ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਪੁਲੀਸ ਇਹ ਯਕੀਨੀ ਬਣਾਏਗੀ ਕਿ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਇਸ ਘਟਨਾ ਦੇ ਸਬੰਧ ਵਿੱਚ ਸਥਾਨਕ ਬਲਾਕ ਦੇ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਅਨਾਰੁਲ ਹੁਸੈਨ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਮਤਾ ਬੈਨਰਜੀ ਨੇ ਅੱਜ ਬੋਗਤੁਈ ਪਿੰਡ ਦਾ ਦੌਰਾ ਕੀਤਾ ਜਿੱਥੇ ਬੀਤੇ ਦਿਨੀਂ ਅੱਠ ਜਣਿਆਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ। ਬੈਨਰਜੀ ਨੇ 10 ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਕਿਹਾ, 'ਪੁਲੀਸ ਇਹ ਯਕੀਨੀ ਬਣਾਏਗੀ ਕਿ ਬੀਰਭੂਮ ਹਿੰਸਾ ਮਾਮਲੇ 'ਚ ਦੋਸ਼ੀਆਂ ਨੂੰ ਸਖਤ ਤੋਂ ਸਖ਼ਤ ਸਜ਼ਾ ਮਿਲੇ। ਅਦਾਲਤ 'ਚ ਮਜ਼ਬੂਤ ਕੇਸ ਪੇਸ਼ ਕੀਤਾ ਜਾਵੇਗਾ।' ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਨੁਕਸਾਨੇ ਮਕਾਨਾਂ ਦੇ ਮੁੜ ਨਿਰਮਾਣ ਲਈ ਦੋ-ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸੇ ਦੌਰਾਨ ਇਸ ਘਟਨਾ ਦੇ ਸਬੰਧ ਵਿੱਚ ਸਥਾਨਕ ਬਲਾਕ ਦੇ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਅਨਾਰੁਲ ਹੁਸੈਨ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਲਾਕੇ 'ਚ ਸੰਭਾਵੀ ਬਦਅਮਨੀ ਬਾਰੇ ਸਥਾਨਕ ਲੋਕਾਂ ਦੇ ਖਦਸ਼ੇ 'ਤੇ ਧਿਆਨ ਨਾ ਦੇਣ ਲਈ ਮੁੱਖ ਮੰਤਰੀ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਨਿਰਦੇਸ਼ ਦਿੱਤਾ ਸੀ। ਅਧਿਕਾਰੀ ਨੇ ਕਿਹਾ ਕਿ ਇਹ ਬਦਅਮਨੀ ਬਾਅਦ ਵਿੱਚ ਹਿੰਸਾ 'ਚ ਬਦਲ ਗਈ ਸੀ। ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਕੁਝ ਘੰਟਿਆਂ ਅੰਦਰ ਹੀ ਪੁਲੀਸ ਨੇ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ

ਬੀਰਭੂਮ ਘਟਨਾ: ਟੀਐੱਮਸੀ ਨੇ ਧਨਖੜ ਨੂੰ ਹਟਾਉਣ ਦੀ ਕੀਤੀ ਮੰਗ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਹਟਾਉਣ ਦੀ ਮੰਗ ਕੀਤੀ। ਇਸ ਮੁੱਦੇ 'ਤੇ ਸੰਸਦ ਦੇ ਅੰਦਰ ਵੀ ਹੰਗਾਮਾ ਹੁੰਦਾ ਰਿਹਾ। ਲੋਕ ਸਭਾ 'ਚ ਆਖਰੀ ਕਤਾਰ ਵਿੱਚ ਆਪਣੀ ਸੀਟ ਤੋਂ ਉੱਠਦਿਆਂ ਭਾਜਪਾ ਸੰਸਦ ਮੈਂਬਰ ਸੌਮਿਤਰ ਖਾਨ, ਟੀਐੱਮਸੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਦਨ ਦੇ ਚੇਅਰਮੈਨ ਦੀ ਸੀਟ ਵੱਲ ਵਧੇ ਤੇ ਕੁਝ ਸਮੇਂ ਲਈ ਸੀਟਾਂ ਦੀ ਕਤਾਰ ਵਿਚਾਲੇ ਆਉਣ-ਜਾਣ ਲਈ ਬਣੇ ਗਲਿਆਰੇ 'ਚ ਹੀ ਬੈਠ ਗਏ। ਉਨ੍ਹਾਂ ਦੋਸ਼ ਲਾਇਆ ਕਿ ਬੰਗਾਲ 'ਅਤਿਵਾਦ ਦੀ ਧਰਤੀ' ਬਣ ਚੁੱਕਾ ਹੈ। ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਵੀ ਲੋਕ ਸਭਾ 'ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਘਟਨਾ ਸਥਾਨ 'ਤੇ ਨਾ ਜਾਣ ਦੇਣ ਨੂੰ ਲੋਕਤੰਤਰ ਲਈ ਝਟਕਾ ਕਰਾਰ ਦਿੱਤਾ। ਟੀਐੱਮਸੀ ਆਗੂ ਸੁਦੀਪ ਬੰਦੋਪਾਧਿਆਏ ਨੇ ਲੋਕ ਸਭਾ 'ਚ ਸ਼ਾਹ ਨਾਲ ਹੋਈ ਉਨ੍ਹਾਂ ਦੀ ਗੱਲਬਾਤ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਇਸ ਮੁੱਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ

ਸਿਆਸਤ ਵਿੱਚ ਹਿੰਸਾ ਖਤਮ ਹੋਣੀ ਜ਼ਰੂਰੀ: ਯੇਚੁਰੀ

ਸ੍ਰੀਨਗਰ: ਸੀਪੀਆਈ (ਐੱਮ) ਸੀਤਾਰਾਮ ਯੇਚੁਰੀ ਨੇ ਅੱਜ ਪੱਛਮੀ ਬੰਗਾਲ ਦੇ ਬੀਰਭੂਮ 'ਚ ਵਾਪਰੀ ਹਿੰਸਕ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਟੀਐੱਮ ਤੇ ਭਾਜਪਾ ਦੀ ਸ਼ਹਿ ਪ੍ਰਾਪਤ ਹਿੰਸਾ ਖਤਮ ਹੋਣੀ ਚਾਹੀਦੀਹੈ। ਉਹ ਪਾਰਟੀ ਦੇ ਆਗੂ ਐੱਮ ਵਾਈ ਤਰੀਗਾਮੀ ਦੀ ਰਿਹਾਇਸ਼ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ, 'ਅਸੀਂ ਇਸ ਦੀ ਸਖ਼ਤ ਆਲੋਚਨਾ ਕਰਦੇ ਹਾਂ। ਇਹ ਭਾਜਪਾ ਤੇ ਟੀਐੱਮਸੀ ਦੀ ਸ਼ਹਿ ਪ੍ਰਾਪਤ ਹਿੰਸਾ ਹੈ। ਭਾਜਪਾ ਤ੍ਰਿਪੁਰਾ 'ਚ ਸੀਪੀਆਈ (ਐੱਮ) ਨਾਲ ਇਹੀ ਕੁਝ ਕਰ ਰਹੀ ਹੈ। ਭਾਜਪਾ ਤੇ ਟੀਐੱਮਸੀ ਦੀ ਇਹ ਹਿੰਸਾ ਖਤਮ ਹੋਣੀ ਚਾਹੀਦੀ ਹੈ।' -ਪੀਟੀਆਈ



Most Read

2024-09-22 02:20:59