World >> The Tribune


ਯੂਕਰੇਨ ਸੰਕਟ: ਯੂਐੱਨ ’ਚ ਵੋਟਿੰਗ ਤੋਂ ਪਹਿਲਾਂ ਸ਼੍ਰਿੰਗਲਾ ਨਿਊਯਾਰਕ ਪੁੱਜੇ


Link [2022-03-24 09:35:34]



ਸੰਯੁਕਤ ਰਾਸ਼ਟਰ, 23 ਮਾਰਚ

ਸੰਯੁਕਤ ਰਾਸ਼ਟਰ ਵੱਲੋਂ ਯੂਕਰੇਨ ਬਾਰੇ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨਿਊਯਾਰਕ ਪਹੁੰਚ ਗਏ ਹਨ। ਸੰਯੁਕਤ ਰਾਸ਼ਟਰ ਮਹਾਸਭਾ ਤੇ ਸਲਾਮਤੀ ਪ੍ਰੀਸ਼ਦ ਵੱਲੋਂ ਯੂਕਰੇਨ ਵਿਚ ਬਣੇ ਮਨੁੱਖੀ ਸੰਕਟ ਦੇ ਮਤੇ ਉਤੇ ਵੋਟਿੰਗ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਹਾਸਭਾ ਯੂਕਰੇਨ ਮੁੱਦੇ ਉਤੇ ਹੰਗਾਮੀ ਵਿਸ਼ੇਸ਼ ਸੈਸ਼ਨ ਨੂੰ ਮੁੜ ਚਲਾਏਗੀ ਤੇ ਮਤੇ ਉਤੇ ਵੋਟਿੰਗ ਹੋ ਸਕਦੀ ਹੈ। ਪਿਛਲੇ ਕਈ ਮੌਕਿਆਂ 'ਤੇ ਭਾਰਤ ਨੇ ਰੂਸ ਖ਼ਿਲਾਫ਼ ਵੋਟ ਪਾਉਣ ਤੋਂ ਕਿਨਾਰਾ ਕੀਤਾ ਹੈ। ਇੱਥੇ ਸੁਰੱਖਿਆ ਪ੍ਰੀਸ਼ਦ ਦੀ ਇਕ ਮੀਟਿੰਗ ਵਿਚ ਸੰਬੋਧਨ ਕਰਦਿਆਂ ਸ਼੍ਰਿੰਗਲਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਅਰਬ ਮੁਲਕਾਂ ਦੀ ਲੀਗ ਨੂੰ ਮੱਧ ਪੂਰਬ ਸ਼ਾਂਤੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਲਈ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ। ਭਾਰਤ ਨੇ ਕਿਹਾ ਕਿ ਉਹ ਅਰਬ ਮੁਲਕਾਂ ਦੀ ਲੀਗ ਨਾਲ ਮਿਲ ਕੇ ਅਤਿਵਾਦ ਦਾ ਟਾਕਰਾ ਕਰਦਾ ਰਹੇਗਾ, ਸਹਿਣਸ਼ੀਲਤਾ ਤੇ ਬਹੁਲਵਾਦ ਨੂੰ ਹੁਲਾਰਾ ਦਿੱਤਾ ਜਾਵੇਗਾ। ਸਲਾਮਤੀ ਕੌਂਸਲ ਦੀ ਮੀਟਿੰਗ ਵਿਚ ਹਰਸ਼ ਵਰਧਨ ਨੇ ਕਿਹਾ ਕਿ ਮੱਧ ਪੂਰਬ ਵਿਚ ਮੁਲਕਾਂ ਵਿਚਾਲੇ ਸਬੰਧ ਸੁਖਾਵੇਂ ਹੋਣ ਤੇ ਸਮਝੌਤਿਆਂ ਦਾ ਭਾਰਤ ਸਵਾਗਤ ਕਰਦਾ ਹੈ। ਇਸ ਨਾਲ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਆਵੇਗੀ। ਉਨ੍ਹਾਂ ਕਿਹਾ ਕਿ ਮੱਧ ਪੂਰਬ ਵਿਚ ਸ਼ਾਂਤੀ ਲਈ ਦੋ ਮੁਲਕਾਂ ਵਾਲੇ ਹੱਲ ਉਤੇ ਵਿਚਾਰ ਕਰਨਾ ਚਾਹੀਦਾ ਹੈ ਜੋ ਕੌਮਾਂਤਰੀ ਸਮਝੌਤਿਆਂ ਮੁਤਾਬਕ ਹੋਵੇ। -ਪੀਟੀਆਈ

ਚੀਨੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਭਲਕ ਤੋਂ

ਨਵੀਂ ਦਿੱਲੀ: ਭਾਰਤ ਸਰਕਾਰ ਦੇ ਇਕ ਅਧਿਕਾਰੀ ਮੁਤਾਬਕ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸ਼ੁੱਕਰਵਾਰ ਭਾਰਤ ਆਉਣਗੇ ਤੇ ਵੱਖ-ਵੱਖ ਮੁੱਦਿਆਂ ਉਤੇ ਗੱਲਬਾਤ ਕਰਨਗੇ। ਇਕ ਭਾਰਤੀ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਮੁਲਕਾਂ ਵਿਚਾਲੇ ਦੋ ਸਾਲ ਪਹਿਲਾਂ ਹੋਏ ਸਰਹੱਦੀ ਵਿਵਾਦ ਮਗਰੋਂ ਉੱਚ ਪੱਧਰ ਦੀ ਇਹ ਪਹਿਲੀ ਮਿਲਣੀ ਹੋਵੇਗੀ। ਚੀਨ ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਵਿਚ ਓਆਈਸੀ ਦੀ ਬੈਠਕ ਵਿਚ ਹਿੱਸਾ ਲਿਆ ਹੈ। ਉਹ ਦੱਖਣ ਏਸ਼ੀਆ ਦੇ ਦੌਰੇ ਉਤੇ ਹਨ ਤੇ ਨੇਪਾਲ ਵੀ ਜਾਣਗੇ। -ਰਾਇਟਰਜ਼



Most Read

2024-09-20 21:36:31