World >> The Tribune


ਰੂਸੀ ਫ਼ੌਜ ਨੇ ਚਰਨੀਹੀਵ ਵਿੱਚ ਪੁਲ ਉਡਾਇਆ; ਚਰਨੋਬਿਲ ਪਰਮਾਣੂ ਪਲਾਂਟ ਦੀ ਲੈਬਾਰਟਰੀ ਨਸ਼ਟ


Link [2022-03-24 09:35:34]



ਲਵੀਵ, 23 ਮਾਰਚ

ਰੂਸੀ ਫ਼ੌਜ ਨੇ ਚਰਨੀਹੀਵ ਸ਼ਹਿਰ ਨੂੰ ਜਾਂਦੇ ਪੁਲ ਨੂੰ ਬੰਬਾਂ ਨਾਲ ਉਡਾ ਦਿੱਤਾ ਹੈ। ਖ਼ਿੱਤੇ ਦੇ ਗਵਰਨਰ ਵਿਆਚੇਸ਼ਲਾਵ ਚਾਓਸ ਨੇ ਕਿਹਾ ਕਿ ਪੁਲ ਰਾਹੀਂ ਆਮ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਕੱਢਿਆ ਜਾ ਰਿਹਾ ਸੀ ਅਤੇ ਉਥੋਂ ਹੀ ਮਾਨਵੀ ਸਹਾਇਤਾ ਪਹੁੰਚਾਈ ਜਾ ਰਹੀ ਸੀ। ਇਹ ਪੁਲ ਡੈਸਨਾ ਦਰਿਆ 'ਤੇ ਬਣਿਆ ਹੋਇਆ ਸੀ ਜੋ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਜੋੜਦਾ ਸੀ। ਚਰਨੀਹੀਵ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ 'ਚ ਬਿਜਲੀ ਅਤੇ ਪਾਣੀ ਨਹੀਂ ਹੈ। ਉਧਰ ਕੀਵ 'ਚ ਅੱਜ ਸਵੇਰੇ ਵੱਡੇ ਧਮਾਕੇ ਸੁਣੇ ਗਏ। ਰੂਸੀ ਫ਼ੌਜ ਨੇ ਚਰਨੋਬਿਲ ਪਰਮਾਣੂ ਪਲਾਂਟ ਦੀ ਲੈਬਾਰਟਰੀ ਨੂੰ ਨਸ਼ਟ ਕਰ ਦਿੱਤਾ ਹੈ ਜੋ ਰੇਡੀਓਐਕਟਿਵ ਰਹਿੰਦ-ਖੂੰਹਦ ਦੇ ਪ੍ਰਬੰਧਨ 'ਚ ਸੁਧਾਰ ਦਾ ਕੰਮ ਕਰਦੀ ਸੀ। ਰੂਸੀ ਫ਼ੌਜ ਨੇ ਪਿਛਲੇ ਮਹੀਨੇ ਜੰਗ ਦੀ ਸ਼ੁਰੂਆਤ 'ਚ ਹੀ ਇਸ ਪਲਾਂਟ 'ਤੇ ਕਬਜ਼ਾ ਕਰ ਲਿਆ ਸੀ। ਯੂਕਰੇਨੀ ਏਜੰਸੀ ਨੇ ਕਿਹਾ ਕਿ ਇਹ ਲੈਬਾਰਟਰੀ ਯੂਰੋਪੀਅਨ ਕਮਿਸ਼ਨ ਦੀ ਸਹਾਇਤਾ ਨਾਲ 60 ਲੱਖ ਯੂਰੋ 'ਚ 2015 'ਚ ਖੋਲ੍ਹੀ ਗਈ ਸੀ। ਇਸ ਦੌਰਾਨ ਰੂਸ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਯੂਕਰੇਨ 'ਤੇ ਹਮਲੇ ਰੋਕਣ ਤੋਂ ਇਨਕਾਰ ਕੀਤਾ ਹੈ। ਸੀਐੱਨਐੱਨ ਵੱਲੋਂ ਪੁੱਛੇ ਗਏ ਸਵਾਲ 'ਤੇ ਉਸ ਨੇ ਕਿਹਾ ਕਿ ਅਜੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਉਦੇਸ਼ ਪੂਰਾ ਨਹੀਂ ਹੋਇਆ ਹੈ। ਉਸ ਨੇ ਕਿਹਾ ਕਿ ਯੋਜਨਾ ਮੁਤਾਬਕ ਫ਼ੌਜੀ ਅਪਰੇਸ਼ਨ ਜਾਰੀ ਹੈ। ਪੈਸਕੋਵ ਨੇ ਕਿਹਾ ਕਿ ਪੂਤਿਨ ਦਾ ਮੁੱਖ ਟੀਚਾ ਯੂਕਰੇਨ ਦੀ ਫ਼ੌਜੀ ਤਾਕਤ ਘਟਾਉਣਾ ਅਤੇ ਉਸ ਨੂੰ ਨਿਰਪੱਖ ਮੁਲਕ ਬਣਾਉਣਾ ਹੈ। ਉਧਰ ਯੂਕਰੇਨ ਦੇ ਆਗੂਆਂ ਨੇ ਰੂਸ 'ਤੇ 15 ਰਾਹਤ ਵਰਕਰਾਂ ਅਤੇ ਡਰਾਈਵਰਾਂ ਨੂੰ ਫੜਨ ਦਾ ਦੋਸ਼ ਲਾਇਆ ਹੈ। ਇਹ ਰਾਹਤ ਵਰਕਰ ਮਾਨਵੀ ਸਹਾਇਤਾ ਦੇ ਕਾਫ਼ਲੇ 'ਚ ਸ਼ਾਮਲ ਸਨ ਜੋ ਮਾਰਿਉਪੋਲ ਸ਼ਹਿਰ 'ਚ ਭੋਜਨ ਅਤੇ ਹੋਰ ਵਸਤਾਂ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਮੁਤਾਬਕ ਇਕ ਲੱਖ ਲੋਕ ਮਾਰਿਉਪੋਲ 'ਚ ਅਜੇ ਵੀ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਨਵੀ ਲਾਂਘਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਰੂਸੀ ਫ਼ੌਜ ਬੰਬਾਰੀ ਕਰਕੇ ਜਾਂ ਦਹਿਸ਼ਤ ਫੈਲਾ ਕੇ ਅੜਿੱਕੇ ਡਾਹ ਰਹੀ ਹੈ। ਰੈੱਡ ਕਰਾਸ ਨੇ ਪੁਸ਼ਟੀ ਕੀਤੀ ਹੈ ਕਿ ਸ਼ਹਿਰ 'ਚ ਰਾਹਤ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਦਾ ਮੁਖੀ ਪੀਟਰ ਮੌਰਰ ਯੂਕਰੇਨ 'ਚ ਮਾਨਵੀ ਸਹਾਇਤਾ ਪਹੁੰਚਾਉਣ ਦੇ ਮੁੱਦੇ ਬਾਰੇ ਗੱਲ ਕਰਨ ਲਈ ਅੱਜ ਮਾਸਕੋ ਪਹੁੰਚ ਗਿਆ ਹੈ। ਉਸ ਵੱਲੋਂ ਰੂਸ ਦੇ ਵਿਦੇਸ਼ ਅਤੇ ਰੱਖਿਆ ਮੰਤਰਾਲਿਆਂ ਨਾਲ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਮੌਰਰ ਪਿਛਲੇ ਹਫ਼ਤੇ ਯੂਕਰੇਨ ਗਏ ਸਨ ਅਤੇ ਉਨ੍ਹਾਂ ਵੱਲੋਂ ਰੂਸੀ ਰੈੱਡ ਕਰਾਸ ਦੇ ਮੁਖੀ ਨਾਲ ਮੁਲਾਕਾਤ ਦੀ ਸੰਭਾਵਨਾ ਹੈ ਜੋ ਪੂਰਬੀ ਯੂਕਰੇਨ ਤੋਂ ਰੂਸ 'ਚ ਦਾਖ਼ਲ ਹੋਏ ਲੋਕਾਂ ਦੀ ਸਹਾਇਤਾ ਕਰ ਰਹੀ ਹੈ। ਇਸ ਦੌਰਾਨ ਰੂਸੀ ਸੰਸਦ ਨੇ ਯੂਕਰੇਨ 'ਚ ਜੰਗ ਲੜ ਰਹੇ ਫ਼ੌਜੀਆਂ ਨੂੰ ਵਧੇਰੇ ਲਾਭ ਦੇਣ ਵਾਲੇ ਕਾਨੂੰਨ ਨੂੰ ਪਾਸ ਕਰ ਦਿੱਤਾ ਹੈ। ਇਸ ਤਹਿਤ ਜੰਗ ਲੜਨ ਵਾਲੇ ਫ਼ੌਜੀਆਂ ਨੂੰ ਮਾਸਿਕ ਅਦਾਇਗੀ, ਟੈਕਸ 'ਚ ਛੋਟਾਂ, ਸਸਤੀ ਦਰਾਂ 'ਤੇ ਸਾਮਾਨ ਅਤੇ ਇਲਾਜ ਲਈ ਤਰਜੀਹ ਦਿੱਤੀ ਜਾਵੇਗੀ।

ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉੱਤਰੀ ਯੂਕਰੇਨ 'ਚ ਜੰਗ 'ਚ ਖੜੋਤ ਆ ਗਈ ਹੈ ਅਤੇ ਰੂਸੀ ਫ਼ੌਜ ਵੱਡੇ ਹਮਲੇ ਤੋਂ ਪਹਿਲਾਂ ਆਪਣੇ ਆਪ ਨੂੰ ਲਾਮਬੰਦ ਕਰ ਰਹੀ ਹੈ। ਯੂਕੇ ਦੇ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਫ਼ੌਜ ਖਾਰਕੀਵ ਅਤੇ ਮਾਰਿਉਪੋਲ ਤੋਂ ਅੱਗੇ ਵਧਦਿਆਂ ਮੁਲਕ ਨੂੰ ਘੇਰਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। -ਏਪੀ

ਪੋਲੈਂਡ ਨੇ 45 ਰੂਸੀਆਂ ਨੂੰ ਜਾਸੂਸੀ ਦੇ ਦੋਸ਼ ਹੇਠ ਮੁਲਕ 'ਚੋਂ ਕੱਢਿਆ

ਵਾਰਸਾ: ਪੋਲੈਂਡ ਨੇ 45 ਰੂਸੀਆਂ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਮੁਲਕ 'ਚੋਂ ਕੱਢ ਦਿੱਤਾ ਹੈ। ਇਨ੍ਹਾਂ ਖ਼ੁਫ਼ੀਆ ਅਧਿਕਾਰੀਆਂ ਦੀ ਪਛਾਣ ਕੀਤੀ ਗਈ ਸੀ ਜੋ ਕੂਟਨੀਤਕ ਰੁਤਬੇ ਦਾ ਫਾਇਦਾ ਲੈਂਦਿਆਂ ਮੁਲਕ 'ਚ ਰੁਕੇ ਹੋਏ ਸਨ। ਪੋਲੈਂਡ ਦੀ ਅੰਦਰੂਨੀ ਸੁਰੱਖਿਆ ਏਜੰਸੀ ਨੇ ਵਿਦੇਸ਼ ਮੰਤਰਾਲੇ ਨੂੰ ਇਨ੍ਹਾਂ ਰੂਸੀਆਂ ਨੂੰ ਫੌਰੀ ਕੱਢਣ ਦੀ ਮੰਗ ਕੀਤੀ ਸੀ ਕਿਉਂਕਿ ਇਹ ਪੋਲੈਂਡ ਦੀ ਸੁਰੱਖਿਆ ਲਈ ਖ਼ਤਰਾ ਮੰਨੇ ਗਏ ਸਨ। ਏਜੰਸੀ ਨੇ ਪੋਲੈਂਡ ਦੇ ਇਕ ਨਾਗਰਿਕ ਨੂੰ ਵੀ ਰੂਸ ਲਈ ਜਾਸੂਸੀ ਕਰਨ ਦੇ ਸ਼ੱਕ ਹੇਠ ਹਿਰਾਸਤ 'ਚ ਲਿਆ ਹੈ। ਸ਼ੱਕੀ ਵਿਅਕਤੀ ਵਾਰਸਾ ਦੇ ਰਜਿਸਟਰੀ ਦਫ਼ਤਰ 'ਚ ਕੰਮ ਕਰਦਾ ਸੀ ਅਤੇ ਉਸ ਦੀ ਸ਼ਹਿਰ ਦੇ ਪੁਰਾਤੱਤਵ ਵਿਭਾਗ ਤੱਕ ਪਹੁੰਚ ਸੀ। -ਏਪੀ



Most Read

2024-09-20 16:06:42