World >> The Tribune


ਤਾਲਿਬਾਨ ਨੇ ਕੁੜੀਆਂ ਦੀ ਉੱਚ ਸਿੱਖਿਆ ’ਤੇ ਰੋਕ ਲਾਈ


Link [2022-03-24 09:35:34]



ਕਾਬੁਲ, 23 ਮਾਰਚ

ਅਫ਼ਗ਼ਾਨਿਸਤਾਨ ਦੇ ਤਾਲਿਬਾਨੀ ਸ਼ਾਸਕਾਂ ਨੇ ਆਪਣੇ ਹੀ ਵਾਅਦੇ ਤੋਂ ਮੁੱਕਰਦਿਆਂ ਲੜਕੀਆਂ ਨੂੰ ਮਿਲਦੀ ਉਚੇਰੀ ਸਿੱਖਿਆ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਮੰਗਲਵਾਰ ਦੇਰ ਰਾਤ ਜਾਰੀ ਫੈਸਲੇ ਮੁਤਾਬਕ ਛੇਵੀਂ ਤੋਂ ਉਪਰਲੀਆਂ ਜਮਾਤਾਂ ਵਾਲੇ ਸਕੂਲਾਂ ਵਿੱਚ ਲੜਕੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਤਾਲਿਬਾਨ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ ਜਦੋਂ ਅਫ਼ਗ਼ਾਨਿਸਤਾਨ ਦੇ ਸਕੂਲਾਂ ਵਿੱਚ ਨਵੇਂ ਅਕਾਦਮਿਕ ਸਾਲ ਦਾ ਆਗਾਜ਼ ਹੋਇਆ ਹੈ। ਅਫ਼ਗ਼ਾਨ ਹੁਕਮਰਾਨਾਂ ਦਾ ਇਹ ਫੈਸਲਾ ਪਹਿਲਾਂ ਹੀ ਮਨੁੱਖੀ ਸੰਕਟ ਨਾਲ ਜੂਝ ਰਹੇ ਮੁਲਕ ਵਿੱਚ ਤਾਲਿਬਾਨ ਵੱਲੋਂ ਕੌਮਾਂਤਰੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਅੜਿੱਕਾ ਬਣ ਸਕਦਾ ਹੈ।

ਤਾਲਿਬਾਨ ਦੀ ਅਗਵਾਈ ਵਾਲੇ ਪ੍ਰਸ਼ਾਸਨ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਵਹੀਦੁੱਲ੍ਹਾ ਹਾਸ਼ਮੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਲੜਕੀਆਂ ਲਈ ਸਕੂਲ ਬੰਦ ਕਰਨ ਸਬੰਧੀ ਫੈਸਲਾ ਮੰਗਲਵਾਰ ਰਾਤ ਨੂੰ ਸਾਹਮਣੇ ਆਇਆ ਸੀ। ਹਾਸ਼ਮੀ ਨੇ ਕਿਹਾ, ''ਲੰਘੀ ਅੱਧੀ ਰਾਤ ਨੂੰ ਸਾਡੀ ਲੀਡਰਸ਼ਿਪ ਦਾ ਸੁਨੇਹਾ ਮਿਲਿਆ ਸੀ ਕਿ ਲੜਕੀਆਂ ਲਈ ਸਕੂਲ ਬੰਦ ਰਹਿਣਗੇ।'' ਹਾਸ਼ਮੀ ਨੇ ਹਾਲਾਂਕਿ ਇਸ਼ਾਰਾ ਕੀਤਾ ਕਿ ਸਕੂਲ ਹਮੇਸ਼ਾ ਲਈ ਬੰਦ ਨਹੀਂ ਰਹਿਣਗੇ। ਹਾਸ਼ਮੀ ਨੇ ਕਿਹਾ, ''ਲੀਡਰਸ਼ਿਪ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਉਹ ਕਦੋਂ ਜਾਂ ਕਿਵੇਂ ਲੜਕੀਆਂ ਨੂੰ ਸਕੂਲ ਵਿੱਚ ਵਾਪਸੀ ਲਈ ਖੁੱਲ੍ਹ ਦੇਣਗੇ।'' ਹਾਸ਼ਮੀ ਨੇ ਮੰਨਿਆ ਕਿ ਸ਼ਹਿਰੀ ਇਲਾਕੇ ਜਿੱਥੇ ਲੜਕੀਆਂ ਨੂੰ ਪੜ੍ਹਾਉਣ ਦੇ ਹਾਮੀ ਹਨ, ਉਥੇ ਮੁਲਕ ਦੀ ਪੇਂਡੂ ਵਸੋਂ (ਖਾਸ ਕਰਕੇ ਕਬਾਇਲੀ ਪਸ਼ਤੂਨ ਖੇਤਰ) ਇਸ ਦਾ ਵਿਰੋਧ ਕਰਦੀ ਹੈ। ਤਾਲਿਬਾਨੀ ਆਗੂਆਂ ਦੀ ਕੌਂਸਲ ਵਿਚ ਮੈਂਬਰ ਵਜੋਂ ਸ਼ਾਮਲ ਅਫ਼ਗਾਨ ਆਗੂ ਨੇ ਕਿਹਾ ਕਿ ਤਾਲਿਬਾਨ ਨੇ ਇਹ ਹੈਰਾਨਕੁਨ ਕਰਨ ਵਾਲਾ ਫੈਸਲਾ ਅਜਿਹੇ ਮੌਕੇ ਲਿਆ ਹੈ ਜਦੋਂ ਤਾਲਿਬਾਨੀ ਆਗੂ ਹੈਬਤੁੱਲ੍ਹਾ ਅਖ਼ੁੰਦਜ਼ਾਦਾ ਨੇ ਕੈਬਨਿਟ ਵਿੱਚ ਫੇਰਬਦਲ ਲਈ ਦੱਖਣੀ ਕੰਧਾਰ ਦੀ ਲੀਡਰਸ਼ਿਪ ਨੂੰ ਸੱਦਿਆ ਹੋਇਆ ਹੈ। ਇਸ ਆਗੂ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਸੰਭਵ ਹੈ ਕਿ ਕੈਬਨਿਟ ਵਿੱਚ ਕੁਝ ਸੀਨੀਅਰ ਅਹੁਦਿਆਂ 'ਤੇ ਫੇਰਬਦਲ ਵੇਖਣ ਨੂੰ ਮਿਲੇ।ਪਿਛਲੇ ਸਾਲ ਅਗਸਤ ਵਿੱਚ ਤਾਲਿਬਾਨ ਦੇ ਅਫ਼ਗ਼ਾਨਿਸਤਾਨ ਦੀ ਸੱਤਾ 'ਤੇ ਮੁੜ ਕਾਬਜ਼ ਹੋਣ ਮਗਰੋਂ ਮੁਲਕ ਦੇ ਬਹੁਤੇ ਹਿੱਸਿਆਂ ਵਿੱਚ ਲੜਕੀਆਂ ਦੇ 6ਵੀਂ ਜਮਾਤ ਤੋਂ ਬਾਅਦ ਸਕੂਲ ਜਾਣ 'ਤੇ ਪਾਬੰਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਭਾਵੇਂ ਯੂਨੀਵਰਸਿਟੀਆਂ ਵੀ ਖੁੱਲ੍ਹ ਗਈਆਂ, ਪਰ ਕੁਝ ਗਿਣੇ ਚੁਣੇ ਸੂਬਿਆਂ ਵਿੱਚ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਬਹੁਗਿਣਤੀ ਸੂਬਿਆਂ ਨੇ ਲੜਕੀਆਂ ਤੇ ਔਰਤਾਂ ਲਈ ਸਿੱਖਿਆ ਸੰਸਥਾਨ ਬੰਦ ਕਰ ਛੱਡੇ ਹਨ। -ਏਪੀ



Most Read

2024-09-20 21:34:08