Breaking News >> News >> The Tribune


ਪੁਸ਼ਕਰ ਸਿੰਘ ਧਾਮੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ


Link [2022-03-24 09:35:30]



ਦੇਹਰਾਦੂਨ, 23 ਮਾਰਚ

ਪੁਸ਼ਕਰ ਸਿੰਘ ਧਾਮੀ(46) ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਸਥਾਨਕ ਪਰੇਡ ਗਰਾਊਂਡ ਵਿੱਚ ਰੱਖੇ ਹਲਫ਼ਦਾਰੀ ਸਮਾਗਮ ਦੌਰਾਨ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਨੇ ਧਾਮੀ ਤੋਂ ਇਲਾਵਾ ਅੱਠ ਮੰਤਰੀਆਂ ਨੂੰ ਸਹੁੰ ਚੁਕਾਈ। ਮੁੱਖ ਮੰਤਰੀ ਵਜੋਂ ਧਾਮੀ ਦਾ ਇਹ ਲਗਾਤਾਰ ਦੂਜਾ ਕਾਰਜਕਾਲ ਹੈ। ਭਾਜਪਾ ਨੇ ਸੋਮਵਾਰ ਨੂੰ ਖਟੀਮਾ ਹਲਕੇ ਤੋਂ ਸਾਬਕਾ ਵਿਧਾਇਕ ਧਾਮੀ ਦਾ ਨਾਮ ਐਲਾਨ ਕੇ ਪਹਾੜੀ ਰਾਜ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਚੱਲ ਰਹੀ ਚੁੰਝ ਚਰਚਾ 'ਤੇ ਵਿਰਾਮ ਲਾ ਦਿੱਤਾ ਸੀ। ਧਾਮੀ ਦੀ ਅਗਵਾਈ ਵਿੱਚ ਭਾਜਪਾ ਨੇ ਉੱਤਰਾਖੰਡ ਅਸੈਂਬਲੀ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਹਾਲਾਂਕਿ ਧਾਮੀ ਖੁ਼ਦ ਖਟੀਮਾ ਹਲਕੇ ਤੋਂ ਚੋਣ ਹਾਰ ਗਏ ਸਨ, ਜਿਸ ਦੀ ਉਹ ਸਾਲ 2012 ਤੋਂ ਨੁਮਾਇੰਦਗੀ ਕਰਦੇ ਆ ਰਹੇ ਸਨ। ਧਾਮੀ ਨੂੰ ਹੁਣ ਇਸ ਅਹੁਦੇ 'ਤੇ ਬਣੇ ਰਹਿਣ ਲਈ ਛੇ ਮਹੀਨਿਆਂ ਅੰਦਰ ਅਸੈਂਬਲੀ ਚੋਣ ਜਿੱਤਣੀ ਹੋਵੇਗੀ।

ਹਲਫ਼ਦਾਰੀ ਸਮਾਗਮ ਦੌਰਾਨ ਜਿਨ੍ਹਾਂ ਭਾਜਪਾ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਉਨ੍ਹਾਂ ਵਿੱਚ ਸਤਪਾਲ ਮਹਾਰਾਜ, ਧਾਨ ਸਿੰਘ ਰਾਵਤ, ਸੁਬੋਧ ਉਨਿਆਲ, ਪ੍ਰੇਮਚੰਦ ਅਗਰਵਾਲ, ਰੇਖਾ ਆਰੀਆ, ਗਣੇਸ਼ ਜੋਸ਼ੀ, ਚੰਦਨ ਰਾਮ ਦਾਸ ਤੇ ਸੌਰਭ ਬਹੂਗੁਣਾ ਸ਼ਾਮਲ ਹਨ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵਿਜੈ ਬਹੂਗੁਣਾ ਦੇ ਪੁੱਤਰ ਸੌਰਭ ਬਹੂਗੁਣਾ, ਬਗੇਸ਼ਵਰ ਤੋਂ ਵਿਧਾਇਕ ਚੰਦਨ ਰਾਮ ਦਾਸ ਅਤੇ ਰਿਸ਼ੀਕੇਸ਼ ਤੋਂ ਵਿਧਾਇਕ ਪ੍ਰੇਮਚੰਦ ਅਗਰਵਾਲ ਨੂੰ ਛੱਡ ਕੇ ਬਾਕੀ ਸਾਰੇ ਆਗੂ ਪਿਛਲੀ ਧਾਮੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਹਨ। ਅਗਰਵਾਲ ਪਿਛਲੀ ਅਸੈਂਬਲੀ ਵਿੱਚ ਸਪੀਕਰ ਸਨ। ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਅਤੇ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਤੇ ਅਸਾਮ ਦੇ ਮੁੱਖ ਮੰਤਰੀ ਮੌਜੂਦ ਸਨ। ਭਾਜਪਾ ਨੇ 70 ਮੈਂਬਰੀ ਉੱਤਰਾਖੰਡ ਅਸੈਂਬਲੀ ਲਈ 10 ਮਾਰਚ ਨੂੰ ਐਲਾਨੇ ਨਤੀਜਿਆਂ ਵਿੱਚ 47 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ।

ਸਹੁੰ ਚੁੱਕ ਸਮਾਗਮ ਮਗਰੋਂ ਧਾਮੀ ਆਪਣੀ ਰਿਹਾਇਸ਼ 'ਤੇ ਗਏ, ਜਿੱਥੇ ਉਨ੍ਹਾਂ ਆਪਣੀ ਮਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਧਾਮੀ ਉੱਤਰਾਖੰਡ ਦੇ 12ਵੇਂ ਅਤੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਹਨ।

ਧਾਮੀ ਨੂੰ ਪਿਛਲੇ ਸਾਲ ਜੁਲਾਈ ਵਿੱਚ ਤੀਰਥ ਸਿੰਘ ਰਾਵਤ ਦੀ ਥਾਂ ਮੁੱਖ ਮੰਤਰੀ ਬਣਾਇਆ ਗਿਆ ਸੀ। ਸਾਲ 2021 ਦੌਰਾਨ ਉਹ ਤੀਜੇ ਸ਼ਖ਼ਸ ਸਨ ਜਿਸ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਇਆ ਸੀ। ਸਾਲ ਦੀ ਸ਼ੁਰੂਆਤ ਵਿੱਚ ਤ੍ਰਿਵੇਂਦਰ ਸਿੰਘ ਰਾਵਤ ਨੂੰ ਹਟਾ ਕੇ ਤੀਰਥ ਸਿੰਘ ਰਾਵਤ ਨੂੰ ਉਨ੍ਹਾਂ ਦੀ ਥਾਂ ਲਾਇਆ ਗਿਆ ਸੀ। ਹਾਲਾਂਕਿ ਤੀਰਥ ਸਿੰਘ ਰਾਵਤ ਦੇ ਵਿਵਾਦਿਤ ਬਿਆਨਾਂ ਕਰਕੇ ਜਲਦੀ ਹੀ ਉਨ੍ਹਾਂ ਨੂੰ ਹਟਾ ਕੇ ਪੁਸ਼ਕਰ ਸਿੰਘ ਧਾਮੀ ਨੂੰ ਸੂਬੇ ਦੀ ਕਮਾਨ ਸੌਂਪ ਦਿੱਤੀ ਗਈ। ਧਾਮੀ ਨੇ ਆਪਣੇ ਸਿਆਸੀ ਕਰੀਅਰ ਦਾ ਆਗਾਜ਼ 1990 ਵਿੱਚ ੲੇਬੀਵੀਪੀ ਤੋਂ ਕੀਤਾ ਸੀ। ਧਾਮੀ ਲਖਨਊ ਯੂਨੀਵਰਸਿਟੀ ਤੋਂ ਮਨੁੱਖੀ ਵਸੀਲਾ ਪ੍ਰਬੰਧਨ ਤੇ ਸਨਅਤੀ ਸਬੰਧਾਂ ਵਿਸ਼ੇ ਵਿੱਚ ਗਰੈਜੂਏਟ ਹਨ। ਉਨ੍ਹਾਂ ਕੋਲ ਕਾਨੂੰਨ ਦੀ ਡਿਗਰੀ ਵੀ ਹੈ। -ਪੀਟੀਆਈ

ਪ੍ਰਧਾਨ ਮੰਤਰੀ ਵੱਲੋਂ ਧਾਮੀ ਨੂੰ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਸਿੰਘ ਧਾਮੀ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ 'ਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਟਵੀਟ ਕੀਤਾ, ''ਲੰਘੇ ਪੰਜ ਸਾਲਾਂ ਵਿੱਚ ਦੇਵਭੂਮੀ ਨੇ ਹਰ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਤੇ ਤੁਹਾਡੇ ਸਾਰੇ ਮੰਤਰੀ ਇਸ ਨੂੰ ਹੋਰ ਰਫ਼ਤਾਰ ਦੇਣਗੇ। ਲੋਕਾਂ ਦੀਆਂ ਇੱਛਾਵਾਂ ਮੁਤਾਬਕ ਵਿਕਾਸ ਦੀ ਇਕ ਨਵੀਂ ਮਿਸਾਲ ਕਾਇਮ ਕਰਨਗੇ।'' -ਆਈਏਐੱਨਐੱਸ



Most Read

2024-09-22 01:56:48