Breaking News >> News >> The Tribune


ਪੈਟਰੋਲ-ਡੀਜ਼ਲ ਦੀ ਕੀਮਤ ’ਚ ਲਗਾਤਾਰ ਦੂਜੇ ਦਿਨ ਵਾਧਾ


Link [2022-03-24 09:35:30]



ਨਵੀਂ ਦਿੱਲੀ, 23 ਮਾਰਚ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਲਗਾਤਾਰ ਦੂਜੇ ਦਿਨ 80 ਪੈਸੇ ਦਾ ਵਾਧਾ ਕੀਤਾ ਗਿਆ ਹੈ। ਦਿੱਲੀ 'ਚ ਪੈਟਰੋਲ ਦਾ ਭਾਅ ਹੁਣ 97.01 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਜਦਕਿ ਡੀਜ਼ਲ ਦਾ ਮੁੱਲ 88.27 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਮੁੰਬਈ 'ਚ ਪੈਟਰੋਲ ਅਤੇ ਡੀਜ਼ਲ ਦੇ ਰੇਟ 'ਚ 85-85 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।

ਸਥਾਨਕ ਟੈਕਸਾਂ ਕਾਰਨ ਹਰ ਸੂਬੇ 'ਚ ਤੇਲ ਦੇ ਰੇਟ ਵੱਖੋ-ਵੱਖਰੇ ਹਨ। ਕਰੀਬ 137 ਦਿਨਾਂ ਮਗਰੋਂ 22 ਮਾਰਚ ਨੂੰ ਤੇਲ ਦਰਾਂ 'ਚ 80 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਸੀ। ਪੰਜਾਬ ਸਮੇਤ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਕਾਰਨ 4 ਨਵੰਬਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਗਿਆ ਸੀ ਜਦਕਿ ਇਸ ਸਮੇਂ ਦੌਰਾਨ ਕੱਚੇ ਤੇਲ ਦੀ ਕੀਮਤ 30 ਡਾਲਰ ਪ੍ਰਤੀ ਬੈਰਲ ਤੱਕ ਵਧ ਗਈ ਸੀ। ਜਿਵੇਂ ਹੀ ਵਿਧਾਨ ਸਭਾ ਚੋਣਾਂ ਦੇ 10 ਮਾਰਚ ਨੂੰ ਨਤੀਜੇ ਆਏ ਤਾਂ ਤੇਲ ਦੀਆਂ ਕੀਮਤਾਂ 'ਚ ਵਾਧੇ ਦੀ ਸੰਭਾਵਨਾ ਵਧ ਗਈ ਸੀ। ਤੇਲ ਕੰਪਨੀਆਂ ਹੁਣ ਆਪਣੇ ਘਾਟੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗ ਗਈਆਂ ਹਨ। -ਪੀਟੀਆਈ

ਲੋਕ ਸਭਾ ਅਤੇ ਰਾਜ ਸਭਾ 'ਚ ਗੂੰਜਿਆ ਤੇਲ ਕੀਮਤਾਂ 'ਚ ਵਾਧੇ ਦਾ ਮੁੱਦਾ

ਨਵੀਂ ਦਿੱਲੀ: ਵਿਰੋਧੀ ਧਿਰਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਹੋਏ ਵਾਧੇ ਦਾ ਮੁੱਦਾ ਅੱਜ ਲੋਕ ਸਭਾ ਅਤੇ ਰਾਜ ਸਭਾ 'ਚ ਉਠਾਇਆ। ਹੰਗਾਮੇ ਕਾਰਨ ਲੋਕ ਸਭਾ 'ਚ 20 ਮਿੰਟ ਜਦਕਿ ਰਾਜ ਸਭਾ 'ਚ ਦੁਪਹਿਰ 12 ਵਜੇ ਤੱਕ ਲਈ ਕਾਰਵਾਈ ਮੁਲਤਵੀ ਕਰਨੀ ਪਈ। ਸਿਫ਼ਰ ਕਾਲ ਦੌਰਾਨ ਐੱਨਸੀਪੀ ਮੈਂਬਰ ਸੁਪ੍ਰਿਯਾ ਸੂਲੇ ਨੇ ਇਹ ਮਾਮਲੇ ਲੋਕ ਸਭਾ 'ਚ ਉਠਾਇਆ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧ ਰਹੀਆਂ ਕੀਮਤਾਂ ਰੋਕਣ ਦਾ ਸਭ ਤੋਂ ਬਿਹਤਰ ਤਰੀਕਾ ਹਰ ਮਹੀਨੇ ਚੋਣਾਂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਗੈਸ ਦੀ ਕੀਮਤ 'ਚ ਵਾਧੇ ਦਾ ਅਸਰ ਮਹਿਲਾਵਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਚੋਣਾਂ ਹੀ ਈਂਧਣ ਦੀਆਂ ਕੀਮਤਾਂ 'ਤੇ ਕਾਬੂ ਰੱਖ ਸਕਦੀਆਂ ਹਨ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਮਹੀਨੇ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਹਨ। ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਮੰਗ ਕੀਤੀ ਕਿ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੀਆਂ ਵਧਾਈਆਂ ਕੀਮਤਾਂ ਵਾਪਸ ਲਈਆਂ ਜਾਣ। ਉਨ੍ਹਾਂ ਦਾਅਵਾ ਕੀਤਾ ਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਮ 'ਤੇ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ ਤਾਂ ਜੋ ਮਾਲੀਆ ਕਮਾਇਆ ਜਾ ਸਕੇ। ਉਧਰ ਰਾਜ ਸਭਾ 'ਚ ਕਾਂਗਰਸ ਦੀ ਅਗਵਾਈ ਹੇਠ ਖੱਬੇ ਪੱਖੀ ਅਤੇ ਸਮਾਜਵਾਦੀ ਪਾਰਟੀ ਆਗੂਆਂ ਨੇ ਤੇਲ ਕੀਮਤਾਂ 'ਚ ਵਾਧੇ 'ਤੇ ਚਰਚਾ ਲਈ ਦਿੱਤੇ ਗਏ ਨੋਟਿਸ ਨੂੰ ਨਕਾਰਨ 'ਤੇ ਹੰਗਾਮਾ ਕੀਤਾ। ਉਨ੍ਹਾਂ ਨਿਯਮ 267 ਤਹਿਤ ਨੋਟਿਸ ਦਿੱਤੇ ਸਨ ਪਰ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਇਨ੍ਹਾਂ ਨੋਟਿਸਾਂ ਨੂੰ ਨਾਮਨਜ਼ੂਰ ਕਰ ਦਿੱਤਾ ਜਿਸ ਤੋਂ ਮੈਂਬਰ ਰੋਹ 'ਚ ਆ ਗੲੇ ਅਤੇ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮਾ ਵਧਦਾ ਦੇਖ ਕੇ ਚੇਅਰਮੈਨ ਨੇ ਸਦਨ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ



Most Read

2024-09-22 01:50:43