Breaking News >> News >> The Tribune


ਕਰੋਨਾ: ਮਾਸਕ ਪਹਿਨਣ ਤੋਂ ਨਹੀਂ ਹਟੇਗੀ ਰੋਕ


Link [2022-03-24 09:35:30]



ਨਵੀਂ ਦਿੱਲੀ, 23 ਮਾਰਚ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕਰੋਨਾਵਾਇਰਸ ਦੇ ਘਟਦੇ ਮਾਮਲਿਆਂ ਮਗਰੋਂ 31 ਮਾਰਚ ਤੋਂ ਬਾਅਦ ਸਾਰੇ ਇਹਤਿਆਤੀ ਕਦਮ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਉਂਜ ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਨੂੰ ਲਾਗ ਤੋਂ ਬਚਾਅ ਲਈ ਮਾਸਕ ਪਹਿਨਣਾ ਅਤੇ ਹੱਥਾਂ ਦੀ ਸਫ਼ਾਈ ਲਈ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਮੰਤਰਾਲੇ ਨੇ ਕਿਹਾ ਕਿ ਮਾਸਕ ਪਹਿਨਣ ਅਤੇ ਹੱਥਾਂ ਦੀ ਸਫ਼ਾਈ ਤੋਂ ਛੋਟ ਵਾਲੀਆਂ ਰਿਪੋਰਟਾਂ ਝੂਠੀਆਂ ਹਨ। ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਸੰਦੇਸ਼ 'ਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਹੁਣ ਬਹੁਤੇ ਆਮ ਲੋਕ ਕੋਵਿਡ ਉਚਿਤ ਵਿਵਹਾਰ ਤੋਂ ਜਾਣੂ ਹੋ ਗਏ ਹਨ। ਇਸ ਕਰਕੇ ਹੁਣ ਕੋਵਿਡ ਕੰਟੇਨਮੈਂਟ ਸਬੰਧੀ ਕਦਮਾਂ ਲਈ ਡੀਐੱਮ ਐਕਟ ਦੀਆਂ ਧਾਰਾਵਾਂ ਲਗਾਉਣ ਦੀ ਲੋੜ ਨਹੀਂ ਹੈ। ਸ੍ਰੀ ਭੱਲਾ ਨੇ ਕਿਹਾ ਕਿ 31 ਮਾਰਚ ਨੂੰ ਮੌਜੂਦਾ ਹੁਕਮਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹੋਰ ਕੋਈ ਹੁਕਮ ਜਾਰੀ ਨਹੀਂ ਕੀਤੇ ਜਾਣਗੇ। ਉਂਜ ਉਨ੍ਹਾਂ ਲੋਕਾਂ ਨੂੰ ਅਜੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਰੋਨਾ ਦੇ ਕੇਸਾਂ 'ਚ ਵਾਧਾ ਨਜ਼ਰ ਆਵੇ ਤਾਂ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਪੱਧਰ 'ਤੇ ਢੁੱਕਵੇਂ ਕਦਮ ਉਠਾ ਸਕਦੇ ਹਨ। ਸ੍ਰੀ ਭੱਲਾ ਨੇ ਕਿਹਾ ਕਿ ਪਿਛਲੇ ਸੱਤ ਹਫ਼ਤਿਆਂ ਤੋਂ ਕਰੋਨਾ ਕੇਸਾਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ 'ਚ ਮੰਗਲਵਾਰ ਤੱਕ ਕਰੋਨਾ ਦੇ 23,913 ਕੇਸ ਸਨ ਅਤੇ ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ ਡਿੱਗ ਕੇ 0.28 ਫ਼ੀਸਦ 'ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾ ਸਦਕਾ ਹੁਣ ਤੱਕ ਕੁੱਲ 181.56 ਕਰੋੜ ਵੈਕਸੀਨ ਦੀਆਂ ਖੁਰਾਕਾਂ ਲੱਗ ਚੁੱਕੀਆਂ ਹਨ। -ਪੀਟੀਆਈ

ਕੋਵੋਵੈਕਸ ਦੇ ਤੀਜੇ ਪੜਾਅ ਦੇ ਪ੍ਰੀਖਣ ਲਈ ਪ੍ਰਵਾਨਗੀ ਮਿਲੀ

ਨਵੀਂ ਦਿੱਲੀ: ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਬਾਲਗਾਂ 'ਚ ਬੂਸਟਰ ਡੋਜ਼ ਲਈ ਕੋਵਿਡ-19 ਵੈਕਸੀਨ ਕੋਵੋਵੈਕਸ ਦੇ ਤੀਜੇ ਪੜਾਅ ਦੇ ਪ੍ਰੀਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੋਵਿਡ-19 ਬਾਰੇ ਵਿਸ਼ਾ ਮਾਹਿਰ ਕਮੇਟੀ ਨੇ 5 ਮਾਰਚ ਨੂੰ ਇਸ ਦੀ ਸਿਫ਼ਾਰਿਸ਼ ਕੀਤੀ ਸੀ ਤਾਂ ਜੋ ਕੋਵੈਕਸੀਨ ਜਾਂ ਕੋਵੀਸ਼ੀਲਡ ਦੇ ਟੀਕੇ ਲਗਵਾ ਚੁੱਕੇ ਬਾਲਗਾਂ ਨੂੰ ਬੂਸਟਰ ਡੋਜ਼ ਦਿੱਤੀ ਜਾ ਸਕੇ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਬਾਲਗਾਂ ਅਤੇ 12 ਤੋਂ 17 ਸਾਲ ਦੇ ਬੱਚਿਆਂ ਨੂੰ ਹੰਗਾਮੀ ਹਾਲਾਤ 'ਚ ਟੀਕੇ ਲਗਾਉਣ ਦੀ ਇਜਾਜ਼ਤ ਦਿੱਤੀ ਸੀ। ਉਂਜ ਇਹ ਵੈਕਸੀਨ ਦੇਸ਼ ਦੇ ਟੀਕਾਕਰਨ ਪ੍ਰੋਗਰਾਮ 'ਚ ਸ਼ਾਮਲ ਨਹੀਂ ਕੀਤੀ ਗਈ ਹੈ। -ਪੀਟੀਆਈ



Most Read

2024-09-22 02:14:46