Breaking News >> News >> The Tribune


ਸਕੂਲਾਂ ਵਿੱਚ ਮਿੱਡ-ਡੇਅ ਮੀਲ ਸਕੀਮ ਮੁੜ ਸ਼ੁਰੂ ਕੀਤੀ ਜਾਵੇ: ਸੋਨੀਆ ਗਾਂਧੀ


Link [2022-03-24 09:35:30]



ਨਵੀਂ ਦਿੱਲੀ, 23 ਮਾਰਚ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਕੂਲਾਂ ਵਿੱਚ ਮਿੱਡ-ਡੇਅ ਮੀਲ ਸਕੀਮ ਮੁੜ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ। ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਹਵਾਲੇ ਨਾਲ ਸਕੀਮ ਬੰਦ ਕਰ ਦਿੱਤੀ ਸੀ। ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਬੋਲਦਿਆਂ ਸ੍ਰੀਮਤੀ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਪਿਆਉਂਦੀਆਂ ਮਾਵਾਂ ਨੂੰ ਗਰਮ ਤੇ ਪੱਕਿਆ ਹੋਇਆ ਖਾਣਾ ਮੁਹੱਈਆ ਕਰਵਾੲੇ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਤੇ ਸਕੂਲ ਬੰਦ ਹੋਣ ਕਰਕੇ ਉਨ੍ਹਾਂ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ।

ਇਸ ਦੌਰਾਨ ਲੋਕ ਸਭਾ ਵਿੱਚ ਅੱਜ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਸ੍ਰੀ ਬਿਰਲਾ ਨੇ ਕਿਹਾ ਕਿ ਆਜ਼ਾਦੀ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੇ ਨਾਇਕਾਂ ਦੀ ਯਾਦ ਵਿੱਚ 23 ਮਾਰਚ 'ਸ਼ਹੀਦ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਨਾਇਕਾਂ ਵੱਲੋਂ ਦਿੱਤੀਆਂ ਕੁੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਸਦਨ ਦੇ ਮੈਂਬਰਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਕੁਝ ਮਿੰਟਾਂ ਲਈ ਮੌਨ ਵੀ ਰੱਖਿਆ।

ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਹੇਠਲੇ ਸਦਨ ਨੂੰ ਦੱਸਿਆ ਕਿ ਏਅਰਲਾਈਨ ਸੈਕਟਰ ਹੌਲੀ ਹੌਲੀ ਕੋਵਿਡ ਦੀ ਮਾਰ ਤੋਂ ਉਭਰ ਕੇ ਪੈਰਾਂ ਸਿਰ ਹੋਣ ਲੱਗਾ ਹੈ। ਇਸ ਦੌਰਾਨ ਸੰਚਾਰ ਮੰਤਰਾਲਾ 'ਚ ਰਾਜ ਮੰਤਰੀ ਦੇਵਸਿੰਹ ਚੌਹਾਨ ਨੇ ਲੋਕ ਸਭਾ ਵਿੱਚ ਇਕ ਲਿਖਤੀ ਜਵਾਬ ਵਿੱਚ ਦਾਅਵਾ ਕੀਤਾ ਕਿ ਸਰਕਾਰ ਦੀ ਭਾਰਤ ਸੰਚਾਰ ਨਿਗਮ ਲਿਮਟਿਡ ਦਾ ਅਪਨਿਵੇਸ਼ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮਾਲਕੀ ਵਾਲੀ ਟੈਲੀਕਾਮ ਦੇ ਕੰਮਕਾਜ ਨੂੰ ਚਲਾਉਣ ਲਈ ਮੁਲਾਜ਼ਮਾਂ ਦੀ ਮੌਜੂਦਾ ਨਫ਼ਰੀ ਪੂਰੀ ਹੈ। ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਰਾਜ ਸਭਾ ਨੂੰ ਦੱਸਿਆ ਕਿ ਸਿੱਖਿਆ ਲਈ ਬਜਟ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। -ਪੀਟੀਆਈ

ਰਾਜ ਸਭਾ ਵਿੱਚ ਜੰਮੂ-ਕਸ਼ਮੀਰ ਬਜਟ ਤੇ ਨਮਿੱਤਣ ਬਿਲ ਜ਼ੁਬਾਨੀ ਵੋਟ ਨਾਲ ਪਾਸ

ਨਵੀਂ ਦਿੱਲੀ: ਰਾਜ ਸਭਾ ਨੇ ਅੱਜ ਜੰਮੂ ਤੇ ਕਸ਼ਮੀਰ ਬਜਟ 2022-23 ਤੇ ਨਮਿੱਤਣ ਬਿਲਾਂ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਬਿੱਲ ਮਗਰੋਂ ਲੋਕ ਸਭਾ ਨੂੰ ਮੋੜ ਦਿੱਤੇ ਗਏ। ਲੋਕ ਸਭਾ ਪਹਿਲਾਂ ਹੀ 14 ਮਾਰਚ ਨੂੰ ਇਨ੍ਹਾਂ ਬਿੱਲਾਂ 'ਤੇ ਮੋਹਰ ਲਾ ਚੁੱਕੀ ਹੈ। ਸੰਸਦ ਦੇ ਦੋਵਾਂ ਸਦਨਾਂ ਵਿੱਚ ਮਨਜ਼ੂਰੀ ਨਾਲ ਜੰਮੂ ਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 1.42 ਲੱਖ ਕਰੋੜ ਰੁਪਏ ਦੇ ਬਜਟ ਨੂੰ ਹਰੀ ਝੰਡੀ ਮਿਲ ਗਈ ਹੈ। -ਆਈਏਐੱਨਐੱਸ



Most Read

2024-09-22 01:59:19