ਕੋਲਕਾਤਾ, 23 ਮਾਰਚ
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਪਿੰਡ 'ਚ ਸਾੜ-ਫੂਕ ਦੀ ਘਟਨਾ ਵਿਚ ਅੱਠ ਲੋਕਾਂ ਦੇ ਸੜ ਕੇ ਮਰਨ ਦੇ ਮਾਮਲੇ 'ਚ ਕੋਲਕਾਤਾ ਹਾਈ ਕੋਰਟ ਨੇ ਦਖ਼ਲ ਦਿੱਤਾ ਹੈ। ਹਾਈ ਕੋਰਟ ਨੇ ਸੀਐਫਐੱਸਐਲ ਦਿੱਲੀ ਨੂੰ ਹੁਕਮ ਦਿੱਤੇ ਹਨ ਕਿ ਤੁਰੰਤ ਬੋਗਤੁਈ ਪਿੰਡ ਵਿਚੋਂ ਫੌਰੈਂਸਿਕ ਜਾਂਚ ਲਈ ਲੋੜੀਂਦੀ ਸਮੱਗਰੀ ਇਕੱਠੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਨ੍ਹਾਂ ਮੌਤਾਂ ਨੂੰ ਟੀਐਮਸੀ ਦੇ ਪੰਚਾਇਤ ਅਫ਼ਸਰ ਦੀ ਹੱਤਿਆ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅੱਗ ਲੱਗਣ ਦੀ ਇਹ ਘਟਨਾ ਟੀਐਮਸੀ ਆਗੂ ਦੀ ਹੱਤਿਆ ਮਗਰੋਂ ਹੀ ਵਾਪਰੀ ਹੈ।
ਇਸ ਮਾਮਲੇ ਵਿਚ ਹੁਣ ਤੱਕ 22 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਟੀਐਮਸੀ ਦੇ ਪੰਚਾਇਤ ਆਗੂ ਭਾਦੂ ਸ਼ੇਖ਼ ਦੀ ਸੋਮਵਾਰ ਨੂੰ ਹੋਈ ਹੱਤਿਆ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਹੀ ਬੋਗਤੁਈ ਪਿੰਡ ਦੇ ਕਰੀਬ 10 ਘਰਾਂ ਉਤੇ ਪੈਟਰੋਲ ਬੰਬ ਸੁੱਟੇ ਸਨ। ਸੂਤਰਾਂ ਮੁਤਾਬਕ ਸ਼ੇਖ਼ ਦੇ ਪੁੱਤਰ ਨੂੰ ਵੀ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਅਦਾਲਤ ਨੇ ਰਾਜ ਸਰਕਾਰ ਨੂੰ ਭਲਕੇ ਦੋ ਵਜੇ ਤੱਕ ਇਸ ਮਾਮਲੇ ਦੀ ਰਿਪੋਰਟ ਦੇਣ ਲਈ ਕਿਹਾ ਹੈ। ਹਾਈ ਕੋਰਟ ਮਾਮਲੇ ਉਤੇ ਸੁਣਵਾਈ ਕਰੇਗਾ। ਚੀਫ਼ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਵਾਲੇ ਬੈਂਚ ਨੇ ਕਈ ਪਟੀਸ਼ਨਾਂ ਦਾ ਨੋਟਿਸ ਲੈਂਦਿਆਂ ਹੁਕਮ ਦਿੱਤਾ ਕਿ ਘਟਨਾ ਵਾਲੀ ਥਾਂ ਉਤੇ ਸੀਸੀਟੀਵੀ ਲਾ ਦਿੱਤੇ ਜਾਣ। ਇਹ ਸਭ ਜ਼ਿਲ੍ਹਾ ਜੱਜ ਦੀ ਮੌਜੂਦਗੀ ਵਿਚ ਕੀਤਾ ਜਾਵੇ ਤੇ ਅਗਲੇ ਹੁਕਮਾਂ ਤੱਕ ਰਿਕਾਰਡਿੰਗ ਕੀਤੀ ਜਾਵੇ। ਹਾਈ ਕੋਰਟ ਨੇ ਕੇਂਦਰੀ ਫੌਰੈਂਸਿਕ ਸਾਇੰਸ ਲੈਬ ਨੂੰ ਘਟਨਾ ਸਥਾਨ ਤੋਂ ਤੁਰੰਤ ਸੈਂਪਲ ਲੈਣ ਦੇ ਹੁਕਮ ਦਿੱਤੇ ਹਨ। ਡੀਜੀਪੀ ਨੂੰ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਘਟਨਾ ਵਿਚ ਇਕ ਨਾਬਾਲਗ ਜ਼ਖ਼ਮੀ ਵੀ ਹੋਇਆ ਹੈ। ਪਟੀਸ਼ਨਕਰਤਾਵਾਂ ਨੇ ਜਾਂਚ ਸੀਬੀਆਈ ਜਾਂ ਕਿਸੇ ਹੋਰ ਏਜੰਸੀ ਹਵਾਲੇ ਕਰਨ ਦੀ ਮੰਗ ਕੀਤੀ ਪਰ ਰਾਜ ਦੇ ਐਡਵੋਕੇਟ ਜਨਰਲ ਨੇ ਇਸ ਮੰਗ ਦਾ ਵਿਰੋਧ ਕੀਤਾ ਤੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਿਸੇ ਹੋਰ ਹਵਾਲੇ ਕਰਨ ਦੀ ਹਾਲੇ ਲੋੜ ਨਹੀਂ ਹੈ। ਕੌਮੀ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਵਿਚ ਦਖ਼ਲ ਦਿੰਦਿਆਂ ਪੱਛਮੀ ਬੰਗਾਲ ਪੁਲੀਸ ਨੂੰ ਬੀਰਭੂਮ ਕੇਸ ਵਿਚ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਮ੍ਰਿਤਕਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਕਮਿਸ਼ਨ ਨੇ ਡੀਜੀਪੀ ਤੋਂ 24 ਘੰਟਿਆਂ ਵਿਚ ਰਿਪੋਰਟ ਮੰਗੀ ਹੈ। -ਪੀਟੀਆਈ
ਖੱਬੇ ਫਰੰਟ ਤੇ ਰਾਜਪਾਲ ਨੇ ਮਮਤਾ ਸਰਕਾਰ ਨੂੰ ਘੇਰਿਆ
ਖੱਬੇ ਫਰੰਟ ਨੇ ਅੱਜ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਕਸਬੇ ਵਿਚ ਰੈਲੀ ਕੱਢ ਕੇ ਹਿੰਸਾ ਵਿਚ ਮਾਰੇ ਗਏ ਲੋਕਾਂ ਲਈ ਇਨਸਾਫ਼ ਮੰਗਿਆ। ਫਰੰਟ ਦੇ ਚੇਅਰਮੈਨ ਬਿਮਾਨ ਬੋਸ ਨੇ ਕਿਹਾ ਕਿ ਇਸ 'ਸਮੂਹਿਕ ਹੱਤਿਆਕਾਂਡ' ਨੂੰ ਦਬਾਉਣ ਦਾ ਕੋਈ ਵੀ ਯਤਨ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਬੋਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਪਿੰਡ ਵਾਸੀਆਂ ਨੂੰ ਬਚਾਉਣ ਲਈ 'ਕੁਝ ਨਹੀਂ ਕੀਤਾ'। ਉਨ੍ਹਾਂ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ। ਇਸੇ ਦੌਰਾਨ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਮੁੱਖ ਮੰਤਰੀ ਮਮਤਾ ਨੂੰ ਇਕ ਹੋਰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਰਾਜ ਸਰਕਾਰ ਦੀ ਕਾਰਵਾਈ ਉਤੇ ਸਿਆਸਤ ਭਾਰੂ ਹੈ ਤੇ ਇਹ ਦੋਸ਼ੀਆਂ ਨੂੰ ਬਚਾ ਰਹੀ ਹੈ।
ਦੋਸ਼ੀ ਬਖ਼ਸ਼ੇ ਨਹੀਂ ਜਾਣਗੇ, ਚਾਹੇ ਕਿਸੇ ਵੀ ਧਿਰ ਨਾਲ ਸਬੰਧਤ ਹੋਣ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਬੀਰਭੂਮ ਵਿਚ ਹੋਈ ਹਿੰਸਾ ਦੇ ਜ਼ਿੰਮੇਵਾਰਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਹੋਵੇਗੀ ਭਾਵੇਂ ਉਹ ਕਿਸੇ ਵੀ ਸਿਆਸੀ ਧਿਰ ਨਾਲ ਸਬੰਧਤ ਕਿਉਂ ਨਾ ਹੋਣ। ਬੈਨਰਜੀ ਭਲਕੇ ਜ਼ਿਲ੍ਹੇ ਦਾ ਦੌਰਾ ਕਰੇਗੀ। ਮਮਤਾ ਨੇ ਵਿਰੋਧੀ ਧਿਰ ਭਾਜਪਾ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸਾਜ਼ਿਸ਼ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਘੜੀ ਜਾਂਦੀ ਹੈ।
ਬੀਰਭੂਮ ਹੱਤਿਆ ਕਾਂਡ 'ਘਿਣਾਉਣਾ ਅਪਰਾਧ': ਮੋਦੀ
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਰਭੂਮ ਹੱਤਿਆ ਕਾਂਡ ਨੂੰ 'ਘਿਣਾਉਣਾ ਅਪਰਾਧ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਇਕ ਵਰਚੁਅਲ ਸਮਾਗਮ ਵਿਚ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਵਿਚ ਇਨਸਾਫ਼ ਲਈ ਰਾਜ ਸਰਕਾਰ ਦੀ ਹਰ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਘਟਨਾ 'ਤੇ ਦੁੱਖ ਜ਼ਾਹਿਰ ਕਰਦਿਆਂ ਆਸ ਜਤਾਈ ਕਿ ਜਲਦੀ ਇਸ ਮਾਮਲੇ ਵਿਚ ਪੀੜਤਾਂ ਨੂੰ ਨਿਆਂ ਮਿਲੇਗਾ।
2024-11-11 11:51:01