ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ 3 ਤੋਂ 5 ਅਪਰੈਲ ਤੱਕ ਭਾਰਤ ਯਾਤਰਾ ਕਰਨਗੇ ਅਤੇ ਉਨ੍ਹਾਂ ਦੇ ਇਸ ਦੌਰੇ ਦੌਰਾਨ ਖੇਤੀਬਾੜੀ, ਪਾਣੀ, ਵਪਾਰ ਅਤੇ ਸਾਇੰਸ ਤੇ ਤਕਨਾਲੋਜੀ ਵਰਗੇ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਨੇ ਬੈਨੇਟ ਦੇ ਭਾਰਤ ਦੌਰੇ ਬਾਰੇ ਅਧਿਕਾਰਤ ਐਲਾਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤਿੰਨ ਰੋਜ਼ਾ ਭਾਰਤ ਯਾਤਰਾ 'ਤੇ ਆ ਰਹੇ ਹਨ। ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਦੋਵੇਂ ਨੇਤਾ ਨਵੰਬਰ, 2021 ਦੌਰਾਨ ਗਲਾਸਗੋ ਵਿੱਚ ਸੀਓਪੀ 26 ਸੰਮੇਲਨ ਦੌਰਾਨ ਮਿਲ ਚੁੱਕੇ ਹਨ ਅਤੇ ਦੋਵਾਂ ਵਿਚਕਾਰ 16 ਅਗਸਤ, 2021 ਨੂੰ ਟੈਲੀਫੋਨ 'ਤੇ ਵੀ ਗੱਲਬਾਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਵਜੋਂ ਬੈਨੇਟ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਇਹ ਦੌਰਾ ਭਾਰਤ ਅਤੇ ਇਜ਼ਰਾਈਲ ਵਿਚਾਲੇ ਕੂਟਨੀਤਕ ਸਬੰਧਾਂ ਦੇ 30 ਸਾਲ ਪੂਰੇ ਹੋਣ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਹੋਵੇਗਾ। -ਪੀਟੀਆਈ
2024-11-10 20:52:26