Breaking News >> News >> The Tribune


ਪਾਣੀ ਦੀ ਹਰੇਕ ਬੂੰਦ ਬਚਾਉਣ ਦੀ ਲੋੜ: ਮੋਦੀ


Link [2022-03-23 05:54:17]



ਨਵੀਂ ਦਿੱਲੀ, 22 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜਲ ਦਿਵਸ 'ਤੇ ਅੱਜ ਇਕ ਵਾਰ ਮੁੜ ਪਾਣੀ ਦੀ ਹਰੇਕ ਬੂੰਦ ਬਚਾਉਣ ਦਾ ਸੱਦਾ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਪਾਣੀ ਦੀ ਸੰਭਾਲ ਵਿਸ਼ਾਲ ਮੁਹਿੰਮ ਬਣ ਗਈ ਹੈ। ਉਨ੍ਹਾਂ ਪਾਣੀ ਬਚਾਉਣ ਦੇ ਕੰਮ ਵਿੱਚ ਲੱਗੇ ਵਿਅਕਤੀਆਂ ਤੇ ਸੰਸਥਾਵਾਂ ਦੀ ਸ਼ਲਾਘਾ ਕੀਤੀ।

ਸ੍ਰੀ ਮੋਦੀ ਨੇ ਟਵੀਟ ਕੀਤਾ, ''ਅੱਜ ਵਿਸ਼ਵ ਜਲ ਦਿਵਸ ਮੌਕੇ ਅਸੀਂ ਪਾਣੀ ਦੀ ਹਰੇਕ ਬੂੰਦ ਨੂੰ ਬਚਾਉਣ ਦਾ ਪ੍ਰਣ ਲਈਏ। ਪਾਣੀ ਦੀ ਸੰਭਾਲ ਤੇ ਹਰ ਦੇਸ਼ ਵਾਸੀ ਤੱਕ ਪੀਣਯੋਗ ਪਾਣੀ ਦੀ ਰਸਾਈ ਯਕੀਨੀ ਬਣਾਉਣ ਲਈ ਸਾਡੇ ਦੇਸ਼ ਵੱਲੋਂ ਜਲ ਜੀਵਨ ਮਿਸ਼ਨ ਜਿਹੇ ਕਈ ਉਪਰਾਲੇ ਕੀਤੇ ਗਏ ਹਨ।'' ਉਨ੍ਹਾਂ ਕਿਹਾ, ''ਪਿਛਲੇ ਕੁਝ ਸਾਲਾਂ ਵਿਚ ਪਾਣੀ ਦੀ ਸੰਭਾਲ ਨੂੰ ਲੈ ਕੇ ਚੱਲੀਆਂ ਵਿਸ਼ਾਲ ਮੁਹਿੰਮਾਂ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਨਵੀਆਂ ਕਾਢਾਂ ਦੇ ਰੂਪ ਵਿੱਚ ਕੋਸ਼ਿਸ਼ਾਂ ਹੋ ਰਹੀਆਂ ਹਨ। ਮੈਂ ਪਾਣੀ ਬਚਾਉਣ ਦੇ ਕੰਮ ਵਿੱਚ ਲੱਗੇ ਵਿਅਕਤੀ ਵਿਸ਼ੇਸ਼ ਤੇ ਸੰਸਥਾਵਾਂ ਦੀ ਪ੍ਰਸ਼ੰਸਾ ਕਰਨੀ ਚਾਹਾਂਗਾ।'' ਸ੍ਰੀ ਮੋਦੀ ਨੇ ਇਕ ਵੀਡੀਓ ਵੀ ਪੋਸਟ ਕੀਤੀ, ਜਿਸ ਵਿੱਚ ਪਾਣੀ ਦੀ ਸਾਂਭ-ਸੰਭਾਲ ਦੀ ਮਹੱਤਤਾ ਨੂੰ ਦਰਸਾਉਂਦੇ ਉਨ੍ਹਾਂ ਦੇ ਪੁਰਾਣੇ ਸੁਨੇਹਿਆਂ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਯਤਨਾਂ ਨੂੰ ਦਿਖਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, ''ਅਸੀਂ ਮਿਲ ਕੇ ਅੱਗੋਂ ਵੀ ਪਾਣੀ ਦੀ ਸੰਭਾਲ ਕਰੀਏ ਤੇ ਟਿਕਾਊ/ਮਜ਼ਬੂਤ ਗ੍ਰਹਿ ਬਣਾਉਣ ਵਿੱਚ ਯੋਗਦਾਨ ਪਾਈਏ।'' -ਪੀਟੀਆਈ

ਕੇਂਦਰ ਸਰਕਾਰ ਵੱਲੋਂ ਗ੍ਰੇਅਵਾਟਰ ਪ੍ਰਬੰਧਨ ਲਈ ਮੁਹਿੰਮ ਲਾਂਚ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਨਹਾਉਣ, ਕੱਪੜੇ ਤੇ ਭਾਂਡੇ ਧੋਣ ਲਈ ਵਰਤੋਂ ਵਿੱਚ ਲਿਆਂਦੇ ਜਾਣ ਮਗਰੋਂ ਬੇਕਾਰ ਕਹੇ ਜਾਂਦੇ ਪਾਣੀ ਨੂੰ ਸਾਂਭਣ ਲਈ 'ਗ੍ਰੇਅਵਾਟਰ ਮੈਨੇਜਮੈਂਟ' ਹੇਠ ਦੇਸ਼ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। 'ਸੁਜਲਾਮ 2' ਨਾਂ ਦੀ ਇਸ ਮੁਹਿੰਮ ਦਾ ਮੁੱਖ ਨਿਸ਼ਾਨਾ ਸਮਾਜਿਕ ਤੇ ਸੰਸਥਾਗਤ ਗ੍ਰੇਅਵਾਟਰ ਮੈਨੇਜਮੈਂਟ ਅਸਾਸਿਆਂ ਦੀ ਸਿਰਜਣਾ ਕਰਨਾ ਹੋਵੇਗਾ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, ''ਜੇਕਰ ਨਿੱਤ ਵਰਤੋਂ ਦੇ ਕੰਮਾਂ ਮਗਰੋਂ ਬੇਕਾਰ ਕਹੇ ਜਾਂਦੇ ਇਸ ਪਾਣੀ ਦੀ ਸੁਚੱਜੇ ਤਰੀਕੇ ਨਾਲ ਸੰਭਾਲ ਕਰ ਲਈਏ ਤਾਂ ਇਸ ਨੂੰ ਖੇਤੀ ਤੇ ਬਾਗਬਾਨੀ ਸਣੇ ਹੋਰ ਕਈ ਢੰਗ-ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਜੇਕਰ ਇਹ ਪਾਣੀ ਅਜਾਈਂ ਗਿਆ ਤਾਂ ਕਈ ਰੋਗ ਪੈਦਾ ਕਰ ਸਕਦਾ ਹੈ।'' ਸ਼ੇਖਾਵਤ ਨੇ ਸਾਰੇ ਸਬੰਧਤ ਭਾਈਵਾਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇਸ ਦਾ ਹਿੱਸਾ ਬਨਣ। -ਪੀਟੀਆਈ

ਜਲ ਸੰਕਟ ਦਾ ਫੌਰੀ ਹੱਲ ਕੱਢਣ ਦੀ ਲੋੜ: ਮਾਹਿਰ

ਨਵੀਂ ਦਿੱਲੀ: ਵਾਤਾਵਰਨ ਮਾਹਿਰਾਂ ਨੇ ਵਿਸ਼ਵ ਜਲ ਦਿਵਸ ਮੌਕੇ ਭਾਰਤ ਨੂੰ ਜਲ ਸੰਕਟ ਦਰਪੇਸ਼ ਰਹਿਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਸਮੱਸਿਆ ਦਾ ਫੌਰੀ ਹੱਲ ਕੱਢਣ ਦੀ ਲੋੜ ਹੈ। ਮਾਹਿਰਾਂ ਨੇ ਪਾਣੀ ਦੀ ਵਰਤੋਂ ਦੇ ਟਿਕਾਊ ਢੰਗ ਤਰੀਕੇ ਲੱਭਣ ਦਾ ਸੱਦਾ ਦਿੱਤਾ ਹੈ। ਇੰਟੈਗਰੇਟਿਡ ਹੈਲਥ ਤੇ ਵੈਲਬੀਂਗ (ਆਈਐੱਚਡਬਲਿਊ) ਕੌਂਸਲ ਦੇ ਸੀਈਓ ਕਮਲ ਨਰਾਇਣ ਓਮਰ ਨੇ ਚੇਤਾਵਨੀ ਦਿੰਦਿਆਂ ਕਿਹਾ, ''ਅਸੀਂ ਲਗਾਤਾਰ ਇਸ ਖ਼ੌਫ਼ ਨਾਲ ਜਿਉਂ ਰਹੇ ਹਾਂ ਕਿ ਇਕ ਦਿਨ ਆਏਗਾ ਜਦੋਂ ਪਾਣੀ ਵਾਲੇ ਨਲਕੇ/ਟੂਟੀਆਂ ਸੁੱਕ ਜਾਣਗੀਆਂ ਤੇ ਲੋਕਾਂ ਨੂੰ ਰੋਜ਼ਾਨਾ ਆਪਣੇ ਹਿੱਸੇ ਦਾ ਪੀਣਯੋਗ ਪਾਣੀ ਲੈਣ ਲਈ ਕਤਾਰਾਂ ਵਿੱਚ ਲੱਗਣਾ ਪੲੇਗਾ।'' ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਕਰਕੇ ਸਾਡਾ ਵਾਤਾਵਰਨ ਤੇ ਚੌਗਿਰਦਾ ਬੁਰੀ ਤਰ੍ਹਾਂ ਅਸਰਅੰਦਾਜ਼ ਹੋਏ ਹਨ ਤੇ ਨਤੀਜੇ ਵਜੋਂ ਵੱਡੇ ਜਲ ਸੰਕਟ ਨਾਲ ਜੂਝਣਾ ਪੈ ਰਿਹੈ। ਨਾਰਾਇਣ ਨੇ ਕਿਹਾ, ''ਇਸ ਗ੍ਰਹਿ 'ਤੇ ਅਜੇ ਵੀ 2.2 ਅਰਬ ਤੋਂ ਵੱਧ ਲੋਕ ਰਹਿ ਰਹੇ ਹਨ, ਜਿਨ੍ਹਾਂ ਦੀ ਪਹੁੰਚ ਵਿੱਚ ਸਾਫ਼ ਪਾਣੀ ਨਹੀਂ ਹੈ।'' ਸੀਡਜ਼ ਦੀ ਸਹਿ-ਬਾਨੀ ਮਨੂ ਗੁਪਤਾ ਨੇ ਕਿਹਾ ਕਿ ਜ਼ਮੀਨਦੋਜ਼ ਪਾਣੀ ਸੀਮਤ ਸਰੋਤ ਹੈ ਅਤੇ ਜੋ ਚੁਗਿਰਦੇ ਦੀ ਖੁਰਾਕ ਲਈ ਕੇਂਦਰੀ ਧੁਰਾ ਹੈ। 1ਐੱਮ1ਬੀ(ਵਨ ਮਿਲੀਅਨ ਫਾਰ ਵਨ ਬਿਲੀਅਨ) ਫਾਊਂਡੇਸ਼ਨ ਦੇ ਐੱਮਡੀ ਮਾਨਵ ਸੁਬੋਧ ਨੇ ਕਿਹਾ ਕਿ ਭਾਰਤ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਨ੍ਹਾਂ ਦੀ ਸਾਫ਼ ਪਾਣੀ ਤੱਕ ਰਸਾਈ ਨਹੀਂ ਹੈ। ਇਸ ਕਰਕੇ ਦੇਸ਼ ਦੇ ਸਭ ਤੋਂ ਗਰੀਬ ਲੋਕਾਂ 'ਤੇ ਵਿੱਤੀ ਬੋਝ ਪੈਂਦਾ ਹੈ। -ਪੀਟੀਆਈ



Most Read

2024-09-22 02:16:27