Breaking News >> News >> The Tribune


ਕਰੋਨਾ ਦੇ ਨਵੇਂ ਸਰੂਪਾਂ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਸਰਕਾਰ


Link [2022-03-23 05:54:17]



ਨਵੀਂ ਦਿੱਲੀ, 22 ਮਾਰਚ

ਕੇਂਦਰ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਕਿਹਾ ਕਿ ਕਰੋਨਾਵਾਇਰਸ ਦੇ ਨਵੇਂ ਸਰੂਪਾਂ ਦੇ ਉਭਾਰ ਦੇ ਦਾਅਵਿਆਂ ਦਰਮਿਆਨ ਉਸ ਵੱਲੋਂ ਆਲਮੀ ਹਾਲਾਤ ਨੂੰ ਨੇੜਿਓਂ ਵਾਚਿਆ ਜਾ ਰਿਹਾ ਹੈ। ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਉਪਰਲੇ ਸਦਨ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇੰਡੀਅਨ ਸਾਰਸ-ਕੋਵ 2 ਜੀਨੋਮਿਕਸ ਕੰਸੋਰਟੀਅਮ ਦੇ ਲੈਬਾਰਟਰੀਆਂ ਦੇ ਨੈਟਵਰਕ ਵੱਲੋਂ ਜੀਨੋਮ ਸੀਕੁਐਂਸਿੰਗ ਦੇ ਨਮੂਨਿਆਂ ਦੀ ਕੀਤੀ ਜਾਂਚ ਦੌਰਾਨ ਵਾਇਰਸ ਦੇ ਨਵੇਂ ਸਰੂਪਾਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਆਈਆਈਟੀ ਵੱਲੋਂ ਜੂਨ ਤੇ ਅਗਸਤ ਦਰਮਿਆਨ ਕਰੋਨਾ ਦੀ ਚੌਥੀ ਲਹਿਰ ਆਉਣ ਦੀ ਕੀਤੀ ਪੇਸ਼ੀਨਗੋਈ ਦੇ ਹਵਾਲੇ ਨਾਲ ਕਿਹਾ ਕਿ ਇਹ ਆਪਣੇ ਪੱਧਰ 'ਤੇ ਕੀਤਾ ਗਿਆ ਅਧਿਐਨ ਹੈ ਤੇ ਕਈ ਵਾਰ ਨਮੂਨਾ ਸਾਈਜ਼ ਛੋਟਾ ਹੋਣ ਕਰਕੇ ਨਤੀਜੇ ਭਰੋਸੇਯੋਗ ਨਹੀਂ ਹੁੰਦੇ।

ਇਕ ਹੋਰ ਸਵਾਲ ਦੇ ਜਵਾਬ ਵਿਚ ਪਵਾਰ ਨੇ ਰਾਜ ਸਭਾ ਨੂੰ ਦੱਸਿਆ ਕਿ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਵਿਸ਼ਾ ਮਾਹਿਰ ਕਮੇਟੀ ਨਾਲ ਸਲਾਹ ਮਸ਼ਵਰੇ ਮਗਰੋਂ 18 ਸਾਲ ਤੋਂ ਘੱਟ ਉਮਰ ਵਰਗ ਨੂੰ ਕੋਵਿਡ-19 ਤੋਂ ਸੁਰੱਖਿਆ ਲਈ ਹੰਗਾਮੀ ਹਾਲਾਤ ਵਿੱਚ ਵਰਤੋਂ ਲਈ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਇਨ੍ਹਾਂ ਚਾਰ ਵੈਕਸੀਨਾਂ ਵਿੱਚ ਜ਼ਾਇਡਸ ਕੈਡਿਲਾ ਦੀ ਜ਼ਾਇਕੋਵਡੀ, ਭਾਰਤ ਬਾਇਓਟੈੱਕ ਦੀ ਕੋਵੈਕਸੀਨ, ਬਾਇਓਲੋਜੀਕਲ ਈ ਦੀ ਕੋਰਬੇਵੈਕਸ ਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਕੋਵੋਵੈਕਸ ਸ਼ਾਮਲ ਹਨ।

ਮਾਲਿਆ, ਮੋਦੀ ਤੇ ਚੌਕਸੀ ਦੇ 19,111.20 ਕਰੋੜ ਦੇ ਅਸਾਸੇ ਜ਼ਬਤ

ਨਵੀਂ ਦਿੱਲੀ: ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਨੂੰ ਲਿਖਤ ਜਵਾਬ ਵਿੱਚ ਦੱਸਿਆ ਕਿ ਸਰਕਾਰੀ ਬੈਂਕਾਂ ਨਾਲ ਠੱਗੀ ਮਾਰਨ ਵਾਲੇ ਤਿੰਨ ਭਗੌੜਿਆਂ ਵਿਜੈ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਦੇ 19,111.20 ਕਰੋੜ ਦੇ ਅਸਾਸਿਆਂ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 15 ਮਾਰਚ 2022 ਤੱਕ ਪੀਐੱਮਐੱਲੲੇ ਤਹਿਤ ਉਪਰੋਕਤ ਅਸਾਸੇ ਜ਼ਬਤ ਕੀਤੇੇ ਜਾ ਚੁੱਕੇ ਹਨ। -ਪੀਟੀਆਈ

ਕਿਸਾਨਾਂ ਨਾਲ ਅਨਿਆਂ ਨਹੀਂ ਹੋਣ ਦੇਵਾਂਗੇ: ਸਰਕਾਰ

ਨਵੀਂ ਦਿੱਲੀ: ਸਰਕਾਰ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਉਹ ਕਿਸਾਨਾਂ ਨਾਲ ਅਨਿਆਂ ਨਹੀਂ ਹੋਣ ਦੇਵੇਗੀ ਤੇ ਅੰਨਦਾਤੇ ਨੂੰ ਸਬਸਿਡੀ 'ਤੇ ਖਾਦ ਮੁਹੱਈਆ ਕਰਵਾਉਣ ਦਾ ਅਮਲ ਭਵਿੱਖ ਵਿੱਚ ਵੀ ਜਾਰੀ ਰੱਖੇਗੀ। ਖੇਤੀ ਤੇ ਕਿਸਾਨ ਭਲਾਈ ਮੰਤਰਾਲੇ 'ਚ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਸਿਫਰ ਕਾਲ ਦੌਰਾਨ ਕਿਹਾ ਕਿ ਸਰਕਾਰ ਨੇ ਖਾਦ ਦੀ ਕੀਮਤ 1200 ਰੁਪਏ ਪ੍ਰਤੀ ਬੋਰਾ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਇਹ ਸਬਸਿਡੀ 'ਤੇ ਖਾਦ ਮੁਹੱਈਆ ਕਰਵਾਈ। ਉਨ੍ਹਾਂ ਕਿਹਾ, ''ਇਕ ਸਮਾਂ ਸੀ ਜਦੋਂ ਖਾਦ ਦੇ ਪ੍ਰਤੀ ਬੈਗ 'ਤੇ 600 ਰੁਪਏ ਦੀ ਸਬਸਿਡੀ ਮਿਲਦੀ ਸੀ। ਅੱਜ ਖਾਦ ਦੇ ਪ੍ਰਤੀ ਬੈਗ ਦੀ ਕੀਮਤ 4200 ਰੁਪਏ ਹੈ, ਪਰ ਇਸ ਦੇ ਬਾਵਜੂਦ ਇਹ 1200 ਪ੍ਰਤੀ ਬੈਗ ਦੇ ਭਾਅ 'ਤੇ ਮੁਹੱਈਆ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਪ੍ਰਤੀ ਬੈਗ 'ਤੇ 2600 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।''



Most Read

2024-09-21 14:53:42