Breaking News >> News >> The Tribune


ਸੀਬੀਆਈ, ਈਡੀ ਤੇ ਹੋਰ ਏਜੰਸੀਆਂ ਭਾਜਪਾ ਦੀਆਂ ਭਾਈਵਾਲ: ਸ਼ਤਰੂਘਨ


Link [2022-03-23 05:54:17]



ਕੋਲਕਾਤਾ, 22 ਮਾਰਚ

ਮੁੱਖ ਅੰਸ਼

ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ

ਆਸਨਸੋਲ ਲੋਕ ਸਭਾ ਹਲਕੇ ਤੋਂ ਟੀਐਮਸੀ ਦੀ ਟਿਕਟ ਉਤੇ ਚੋਣ ਲੜ ਰਹੇ ਸਾਬਕਾ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਨੇ ਅੱਜ ਕਿਹਾ ਕਿ ਸੀਬੀਆਈ, ਈਡੀ ਅਤੇ ਹੋਰ ਏਜੰਸੀਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ 'ਸਭ ਤੋਂ ਵੱਡੀਆਂ ਭਾਈਵਾਲ' ਬਣ ਗਈਆਂ ਹਨ, ਇਸ ਸਰਕਾਰ ਦੀ ਕਾਰਜਸ਼ੈਲੀ 'ਤਾਨਸ਼ਾਹ' ਹੈ। ਅਦਾਕਾਰੀ ਤੋਂ ਸਿਆਸਤ ਵਿਚ ਆਏ 'ਸ਼ਾਟਗੰਨ' ਸਿਨਹਾ ਨੇ ਭਗਵਾਂ ਕੈਂਪ ਛੱਡ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ। ਹਾਲਾਂਕਿ ਉਹ ਦਹਾਕਿਆਂ ਤੱਕ ਭਾਜਪਾ ਦੇ ਨਾਲ ਰਹੇ। ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੋਈ 'ਨਿੱਜੀ ਰੰਜਿਸ਼' ਨਹੀਂ ਹੈ, ਪਰ ਸਿਆਸੀ ਵਖ਼ਰੇਵੇਂ ਹਾਲੇ ਨੇੜ ਭਵਿੱਖ ਵਿਚ ਦੂਰ ਹੁੰਦੇ ਨਹੀਂ ਜਾਪ ਰਹੇ। ਇਕ ਇੰਟਰਵਿਊ ਵਿਚ ਸਿਨਹਾ ਨੇ ਕਾਂਗਰਸ ਛੱਡਣ ਬਾਰੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਸਿਨਹਾ ਨੇ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਚੋਣਾਂ ਵਿਚ ਬਾਹਰੀ ਉਮੀਦਵਾਰ ਦੱਸ ਰਹੀ ਹੈ ਜਦਕਿ 'ਉਹ ਹੋਰ ਕਿਸੇ ਵੀ ਬੰਗਾਲੀ ਤੋਂ ਘੱਟ ਬੰਗਾਲੀ ਨਹੀਂ ਹਨ।'

ਸਿਨਹਾ ਨੇ ਕਿਹਾ ਕਿ ਭਾਜਪਾ ਹੁਣ ਅਟਲ ਬਿਹਾਰੀ ਵਾਜਪਈ ਵੱਲੋਂ ਸਿਰਜੀ ਪਾਰਟੀ ਨਹੀਂ ਰਹੀ ਬਲਕਿ ਇਕ ਤਾਨਸ਼ਾਹ ਇਕਾਈ ਬਣ ਚੁੱਕੀ ਹੈ। ਇਹ ਸੀਬੀਆਈ, ਈਡੀ ਤੇ ਆਈਟੀ ਵਿਭਾਗ ਦਾ ਇਸਤੇਮਾਲ ਵਿਰੋਧੀਆਂ ਤੋਂ ਬਦਲਾ ਲੈਣ ਲਈ ਕਰਦੀ ਹੈ। ਸਿਨਹਾ ਨੇ ਕਿਹਾ ਕਿ 'ਭਾਜਪਾ ਕੋਲ ਹੁਣ ਸਾਥੀ ਨਹੀਂ ਹਨ ਕਿਉਂਕਿ ਜ਼ਿਆਦਾਤਰ ਐਨਡੀਏ ਛੱਡ ਗਏ ਹਨ। ਇਸ ਲਈ ਕੇਂਦਰੀ ਏਜੰਸੀਆਂ ਹੁਣ ਇਸ ਦੀਆਂ ਭਾਈਵਾਲ ਹਨ, ਜੋ ਕਿ ਬਹੁਤ ਵਫ਼ਾਦਾਰ ਹਨ।' ਸ਼ਤਰੂਘਨ ਨੇ ਕਿਹਾ ਕਿ ਉਹ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਦਾ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਦਾ ਮੌਕਾ ਦੇਣ ਲਈ ਧੰਨਵਾਦ ਕਰਦੇ ਹਨ। ਸਿਨਹਾ ਨੇ ਕਿਹਾ ਕਿ ਉਹ ਤਿੰਨ ਸਾਲ ਕਾਂਗਰਸ ਵਿਚ ਰਹੇ ਤੇ ਪਾਰਟੀ ਵਿਚ ਸ਼ਾਮਲ ਹੋਣ ਵੇਲੇ ਜਿਹੜੇ ਵਾਅਦੇ ਉਨ੍ਹਾਂ ਨਾਲ ਕੀਤੇ ਗਏ ਸਨ, ਉਹ ਪੂਰੇ ਨਹੀਂ ਕੀਤੇ ਗਏ। ਸਿਨਹਾ ਨੇ ਕਿਹਾ ਕਿ ਕਾਂਗਰਸ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ, ਉਹ ਹੋਰ ਭੰਬਲਭੂਸਾ ਪੈਦਾ ਨਹੀਂ ਕਰਨਾ ਚਾਹੁੰਦੇ। 76 ਸਾਲਾ ਸਾਬਕਾ ਕੇਂਦਰੀ ਮੰਤਰੀ ਸਿਨਹਾ ਨੇ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਨੂੰ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਫਰੰਟ ਦੀ ਅਗਵਾਈ ਕਰਨ ਲਈ ਮਮਤਾ ਬੈਨਰਜੀ ਸਭ ਤੋਂ ਵੱਧ ਯੋਗ ਹਨ। ਆਸਨਸੋਲ ਵਿਚ ਵੋਟਾਂ 12 ਅਪਰੈਲ ਨੂੰ ਪੈਣਗੀਆਂ। -ਪੀਟੀਆਈ



Most Read

2024-09-22 01:48:36