World >> The Tribune


ਹਥਿਆਰ ਨਹੀਂ ਸੁੱਟੇਗਾ ਯੂਕਰੇਨ, ਰੂਸ ਦੀ ਮੰਗ ਠੁਕਰਾਈ


Link [2022-03-22 19:59:25]



ਲਵੀਵ, 21 ਮਾਰਚ

ਯੂਕਰੇਨ ਦੇ ਅਧਿਕਾਰੀਆਂ ਨੇ ਮਾਰਿਉਪੋਲ ਵਿਚ ਹਥਿਆਰ ਸੁੱਟਣ ਦੀ ਰੂਸ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਰੂਸ ਨੇ ਕਿਹਾ ਸੀ ਕਿ ਯੂਕਰੇਨੀ ਬਲ ਸਮਰਪਣ ਕਰ ਕੇ ਚਿੱਟੇ ਝੰਡੇ ਲਹਿਰਾਉਣ। ਇਸ ਤੋਂ ਬਾਅਦ ਹੀ ਘਿਰੇ ਹੋਏ ਸ਼ਹਿਰ ਵਿਚੋਂ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਾਰਿਉਪੋਲ ਬੰਦਰਗਾਹ ਵਾਲਾ ਸ਼ਹਿਰ ਹੈ ਤੇ ਰਣਨੀਤਕ ਤੌਰ 'ਤੇ ਬੇਹੱਦ ਮਹੱਤਵਪੂਰਨ ਹੈ। ਰੂਸ ਜਿੱਥੇ ਮਾਰਿਉਪੋਲ ਨੂੰ ਜਿੱਤਣ ਲਈ ਜ਼ੋਰਦਾਰ ਬੰਬਾਰੀ ਕਰ ਰਿਹਾ, ਉੱਥੇ ਹੀ ਯੂਕਰੇਨ ਦੇ ਬਾਕੀ ਹਿੱਸਿਆਂ ਵਿਚ ਵੀ ਜੂਝ ਰਿਹਾ ਹੈ। ਰਾਜਧਾਨੀ ਕੀਵ ਵਿਚ ਰੂਸ ਵੱਲੋਂ ਕੀਤੀ ਗਈ ਗੋਲੀਬਾਰੀ ਨਾਲ ਇਕ ਸ਼ਾਪਿੰਗ ਸੈਂਟਰ ਤਬਾਹ ਹੋ ਗਿਆ ਤੇ 8 ਲੋਕਾਂ ਦੀ ਮੌਤ ਹੋ ਗਈ। ਮਾਰਿਉਪੋਲ ਉਤੇ ਰੂਸ ਤਿੰਨ ਹਫ਼ਤਿਆਂ ਤੋਂ ਬੰਬ ਸੁੱਟ ਰਿਹਾ ਹੈ ਤੇ ਇੱਥੇ ਹਾਲਾਤ ਬਹੁਤ ਮਾੜੇ ਹੋ ਗਏ ਹਨ। ਹਮਲੇ ਵਿਚ ਰੂਸ ਨੇ ਇਕ ਆਰਟ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਜਿੱਥੇ 400 ਲੋਕਾਂ ਨੇ ਸ਼ਰਨ ਲਈ ਹੋਈ ਹੈ। ਦੱਸਣਯੋਗ ਹੈ ਕਿ ਮਾਰਿਉਪੋਲ ਤੇ ਹੋਰਾਂ ਸ਼ਹਿਰਾਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਜਾਣ ਦੇਣ ਦੇ ਲਈ ਦੋਵਾਂ ਧਿਰਾਂ ਵੱਲੋਂ ਕਈ ਵਾਰ ਸਹਿਮਤੀ ਬਣਾਈ ਗਈ ਹੈ, ਪਰ ਇਹ ਯਤਨ ਅੰਸ਼ਕ ਤੌਰ 'ਤੇ ਹੀ ਸਫ਼ਲ ਹੋਏ ਹਨ ਜਾਂ ਫਿਰ ਗੋਲੀਬੰਦੀ ਟੁੱਟਣ ਕਾਰਨ ਨਾਕਾਮ ਹੋ ਗਏ ਹਨ। ਮਾਰਿਉਪੋਲ ਸ਼ਹਿਰ ਨੂੰ ਜਿੱਤਣ 'ਤੇ ਰੂਸੀ ਫ਼ੌਜਾਂ ਦੱਖਣੀ ਤੇ ਪੂਰਬੀ ਯੂਕਰੇਨ ਦੇ ਹਿੱਸਿਆਂ ਵਿਚ ਇਕੱਠੀਆਂ ਹੋ ਜਾਣਗੀਆਂ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਫਰਾਂਸ, ਜਰਮਨੀ, ਇਟਲੀ ਤੇ ਬਰਤਾਨੀਆ ਦੇ ਆਗੂਆਂ ਨਾਲ ਯੂਕਰੇਨ ਜੰਗ ਬਾਰੇ ਗੱਲਬਾਤ ਕੀਤੀ ਹੈ। ਬਾਇਡਨ ਜਲਦੀ ਹੀ ਬਰੱਸਲਜ਼ ਤੇ ਪੋਲੈਂਡ ਵੀ ਜਾਣਗੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਅਮਰੀਕਾ ਤੋਂ ਜਹਾਜ਼ਾਂ ਅਤੇ ਹਵਾਈ ਰੱਖਿਆ ਪ੍ਰਣਾਲੀ ਦੀ ਮੰਗ ਕਰ ਰਹੇ ਹਨ। ਜ਼ੇਲੈਂਸਕੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਕਰੇਨ ਦੇ ਸੈਨਿਕ ਲੜਨਗੇ, ਝੁਕਣਗੇ ਨਹੀਂ। ਰਾਜਧਾਨੀ ਕੀਵ ਉਤੇ ਵੀ ਰੂਸੀ ਹਮਲਾ ਚੌਥੇ ਹਫ਼ਤੇ ਵਿਚ ਦਾਖਲ ਹੋ ਗਿਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਸੂਮੀ ਸ਼ਹਿਰ ਦੇ ਬਾਹਰ ਸਥਿਤ ਇਕ ਰਸਾਇਣ ਬਣਾਉਣ ਵਾਲਾ ਪਲਾਂਟ ਰੂਸੀ ਗੋਲੀਬਾਰੀ ਦਾ ਸ਼ਿਕਾਰ ਹੋਇਆ ਹੈ। ਇੱਥੇ ਅਮੋਨੀਆ ਦਾ ਇਕ 50 ਟਨ ਦਾ ਟੈਂਕ ਲੀਕ ਹੋ ਗਿਆ ਹੈ ਤੇ ਇਸ ਨੂੰ ਠੀਕ ਕਰਨ ਵਿਚ ਕਈ ਘੰਟੇ ਲੱਗ ਗਏ। -ਏਪੀ

ਰੂਸ 'ਤੇ ਜੰਗੀ ਅਪਰਾਧਾਂ ਦੇ ਇਲਜ਼ਾਮ

ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਮੁਖੀ ਜੋਸੇਪ ਬੋਰੈੱਲ ਨੇ ਰੂਸ ਉਤੇ ਯੂਕਰੇਨ ਵਿਚ ਜੰਗੀ ਅਪਰਾਧ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮਾਰਿਉਪੋਲ ਵਿਚ ਰੂਸ ਨੇ ਬੰਬਾਰੀ ਕਰ ਕੇ ਸੈਂਕੜੇ ਲੋਕਾਂ ਦੀ ਹੱਤਿਆ ਕੀਤੀ ਹੈ। ਬੋਰੈੱਲ ਨੇ ਕਿਹਾ ਕਿ ਮਾਰਿਉਪੋਲ ਵਿਚ ਜੋ ਰਿਹਾ ਹੈ, ਉਹ ਬਹੁਤ ਘਿਨੌਣਾ ਹੈ। ਸਭ ਕੁਝ ਤਬਾਹ ਕੀਤਾ ਜਾ ਰਿਹਾ ਹੈ ਤੇ ਕਿਸੇ ਨੂੰ ਵੀ ਮਾਰਿਆ ਜਾ ਰਿਹਾ ਹੈ। ਇਹ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਨੈਤਿਕਤਾ ਗੁਆ ਲਈ ਹੈ ਜਦਕਿ 'ਜੰਗ ਦੇ ਵੀ ਕੁਝ ਕਾਨੂੰਨ ਹੁੰਦੇ ਹਨ'।



Most Read

2024-09-20 21:40:44