World >> The Tribune


ਭਾਰਤ-ਆਸਟਰੇਲੀਆ ਵੱਲੋਂ ਖੇਤਰੀ ਤੇ ਬਹੁ-ਪੱਖੀ ਮੁੱਦਿਆਂ ’ਤੇ ਚਰਚਾ


Link [2022-03-22 19:59:25]



ਨਵੀਂ ਦਿੱਲੀ, 21 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਹੋਏ ਵਰਚੁਅਲ ਸੰਮੇਲਨ ਵਿਚ ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਰੂਸ ਨੂੰ ਯੂਕਰੇਨ ਵਿਚ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ, ਨਾਲ ਹੀ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਹਿੰਦ-ਪ੍ਰਸ਼ਾਂਤ ਖੇਤਰ ਵਿਚ ਕਦੇ ਨਾ ਹੋਣ। ਮੌਰੀਸਨ ਨੇ ਯੂਕਰੇਨ ਸੰਕਟ ਉਤੇ ਕੁਆਡ ਗਰੁੱਪ ਦੀ ਹਾਲ ਹੀ ਵਿਚ ਹੋਈ ਬੈਠਕ ਦਾ ਹਵਾਲਾ ਵੀ ਦਿੱਤਾ ਤੇ ਕਿਹਾ ਕਿ ਇਸ ਮੀਟਿੰਗ ਨੇ ਗੱਠਜੋੜ ਦੇ ਮੁਲਕਾਂ ਨੂੰ ਯੂਰੋਪ 'ਚ ਵਾਪਰੀਆਂ ਘਟਨਾਵਾਂ ਦੇ ਹਿੰਦ-ਪ੍ਰਸ਼ਾਂਤ 'ਤੇ ਪਏ ਅਸਰਾਂ ਨੂੰ ਵਿਚਾਰਨ ਦਾ ਮੌਕਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਨੂੰ ਸਿਰੇ ਚੜ੍ਹਾਉਣਾ ਦੋਵਾਂ ਮੁਲਕਾਂ ਦੇ ਵਿੱਤੀ ਉਭਾਰ ਤੇ ਆਰਥਿਕ ਸੁਰੱਖਿਆ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕੁਆਡ ਗੱਠਜੋੜ ਵਿਚ ਵੀ ਭਾਰਤ ਤੇ ਆਸਟਰੇਲੀਆ ਮਜ਼ਬੂਤ ਸਹਿਯੋਗ ਕਰ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਈਵਾਲੀ ਖੁੱਲ੍ਹੇ ਤੇ ਆਜ਼ਾਦ ਹਿੰਦ-ਪ੍ਰਸ਼ਾਂਤ ਪ੍ਰਤੀ ਦੋਵਾਂ ਮੁਲਕਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕੁਆਡ ਦੀ ਸਫ਼ਲਤਾ ਖੇਤਰੀ ਤੇ ਆਲਮੀ ਸਥਿਰਤਾ ਲਈ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਭਾਰਤ ਤੇ ਆਸਟਰੇਲੀਆ ਨੇ ਪਿਛਲੇ ਕੁਝ ਸਾਲਾਂ ਦੌਰਾਨ ਵਪਾਰ ਤੇ ਨਿਵੇਸ਼, ਰੱਖਿਆ ਤੇ ਸੁਰੱਖਿਆ, ਸਿੱਖਿਆ ਅਤੇ ਤਕਨੀਕ-ਵਿਗਿਆਨ ਦੇ ਖੇਤਰ ਵਿਚ ਨੇੜਿਓਂ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲਾਨਾ ਸਿਖ਼ਰ ਸੰਮੇਲਨ ਦਾ ਇਹ ਢਾਂਚਾ ਦੋਵਾਂ ਮੁਲਕਾਂ ਨੂੰ ਆਪਣੇ ਸਬੰਧਾਂ ਦੀ ਸਮੀਖ਼ਿਆ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਕੁਆਡ ਗੱਠਜੋੜ ਵਿਚਲੇ ਮੁਲਕਾਂ- ਅਮਰੀਕਾ, ਜਪਾਨ, ਭਾਰਤ ਤੇ ਆਸਟਰੇਲੀਆ ਦੀ ਵਰਚੁਅਲ ਮੀਟਿੰਗ 3 ਮਾਰਚ ਨੂੰ ਹੋਈ ਸੀ। ਮੌਰੀਸਨ ਨੇ ਕਿਹਾ ਕਿ ਸਾਡਾ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਵੱਲੋਂ ਵਧਾਈ ਗਤੀਵਿਧੀ ਦਾ ਜ਼ਿਕਰ ਕਰ ਰਹੇ ਸਨ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ੍ਰਿੰਗਲਾ ਨੇ ਕਿਹਾ ਕਿ ਆਸਟਰੇਲਿਆਈ ਪ੍ਰਧਾਨ ਮੰਤਰੀ ਮੌਰੀਸਨ ਨੇ ਯੂਕਰੇਨ ਸੰਕਟ 'ਤੇ ਭਾਰਤ ਦੇ ਰੁਖ਼ ਪ੍ਰਤੀ ਆਪਣੀ ਸਮਝ ਨੂੰ ਜ਼ਾਹਿਰ ਕੀਤਾ ਹੈ। ਸ੍ਰਿੰਗਲਾ ਨੇ ਕਿਹਾ ਕਿ ਮੋਦੀ ਤੇ ਮੌਰੀਸਨ ਇਹ ਮਹਿਸੂਸ ਕਰਦੇ ਹਨ ਕਿ ਇਹ ਸੰਕਟ ਹਿੰਦ-ਪ੍ਰਸ਼ਾਂਤ ਤੋਂ ਧਿਆਨ ਹਟਣ ਦਾ ਕਾਰਨ ਨਹੀਂ ਬਣਨਾ ਚਾਹੀਦਾ। ਸ੍ਰਿੰਗਲਾ ਨੇ ਨਾਲ ਹੀ ਕਿਹਾ ਕਿ ਦੋਵਾਂ ਆਗੂਆਂ ਨੇ ਯੂਕਰੇਨ ਜੰਗ 'ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦੁਸ਼ਮਣੀ ਖ਼ਤਮ ਕਰਨ ਤੇ ਯੂਕਰੇਨ ਵਿਚ ਹਿੰਸਾ 'ਤੇ ਰੋਕ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕੁਆਡ ਗੱਠਜੋੜ ਦੇ ਬਾਕੀ ਮੁਲਕਾਂ ਵਾਂਗ ਭਾਰਤ ਨੇ ਹਾਲੇ ਤੱਕ ਯੂਕਰੇਨ ਖ਼ਿਲਾਫ਼ ਕੀਤੀ ਕਾਰਵਾਈ ਲਈ ਰੂਸ ਦੀ ਨਿਖੇਧੀ ਨਹੀਂ ਕੀਤੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ-ਆਸਟਰੇਲੀਆ ਵਿਆਪਕ ਆਰਥਿਕ ਸਮਝੌਤੇ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਇਸ ਨਾਲ ਦੁਵੱਲੇ ਵਪਾਰ ਤੇ ਨਿਵੇਸ਼ ਲਈ ਨਵੇਂ ਰਾਹ ਖੁੱਲ੍ਹਣਗੇ। -ਪੀਟੀਆਈ

ਆਸਟਰੇਲੀਆ ਨੇ ਭਾਰਤ ਨੂੰ 29 ਪੁਰਾਤਨ ਵਸਤਾਂ ਮੋੜੀਆਂ

ਆਸਟਰੇਲੀਆ ਨੇ ਭਾਰਤ ਨੂੰ 29 ਪੁਰਾਤਨ ਚੀਜ਼ਾਂ ਮੋੜ ਦਿੱਤੀਆਂ ਹਨ। ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਤੇ ਜੈਨ ਸੰਪਰਦਾ ਨਾਲ ਸਬੰਧਤ 29 ਅਜਿਹੀਆਂ ਚੀਜ਼ਾਂ ਨੂੰ ਆਸਟਰੇਲੀਆ ਵੱਲੋਂ ਭਾਰਤ ਨੂੰ ਸੌਂਪਿਆ ਗਿਆ ਹੈ। ਇਨ੍ਹਾਂ ਦਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰੀਖ਼ਣ ਕੀਤਾ। ਇਹ ਸਾਰੇ ਥੀਮ ਵੱਖ-ਵੱਖ ਸਮੇਂ ਦੇ ਹਨ, ਇਨ੍ਹਾਂ ਵਿਚੋਂ ਕੁਝ ਤਾਂ 9-10 ਸ਼ਤਾਬਦੀ ਈਸਾ ਪੂਰਵ ਦੇ ਹਨ।

ਚੀਨ ਨਾਲ ਸਬੰਧ ਸੁਧਾਰਨ ਲਈ ਪੂਰਬੀ ਲੱਦਾਖ 'ਚ ਸ਼ਾਂਤੀ ਜ਼ਰੂਰੀ: ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਨੂੰ ਦੱਸਿਆ ਕਿ ਚੀਨ ਨਾਲ ਰਿਸ਼ਤੇ ਸੁਧਾਰਨ ਲਈ ਪੂਰਬੀ ਲੱਦਾਖ ਵਿਚ ਸ਼ਾਂਤੀ ਜ਼ਰੂਰੀ ਹੈ। ਪਿਛਲੇ ਤਿੰਨ ਦਿਨਾਂ ਵਿਚ ਇਹ ਦੂਜੀ ਵਾਰ ਹੈ ਜਦ ਭਾਰਤ ਨੇ ਕਿਹਾ ਹੈ ਕਿ ਚੀਨ ਨਾਲ ਰਿਸ਼ਤੇ ਪੂਰਬੀ ਲੱਦਾਖ ਦੇ ਬਕਾਇਆ ਮਸਲੇ ਹੱਲ ਹੋਣ ਉਤੇ ਨਿਰਭਰ ਹਨ। ਮੌਰੀਸਨ ਨੇ ਵੀ ਮੋਦੀ ਨਾਲ ਚੀਨ ਬਾਰੇ ਆਪਣਾ ਦ੍ਰਿਸ਼ਟੀਕੋਣ ਵਿਸਥਾਰ ਵਿਚ ਸਾਂਝਾ ਕੀਤਾ। -ਪੀਟੀਆਈ

ਆਸਟਰੇਲਿਆਈ ਮਹਿਲਾ ਕ੍ਰਿਕਟ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੋਦੀ ਨੇ ਮੌਰੀਸਨ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ 'ਚ ਚੱਲ ਰਹੇ ਆਈਸੀਸੀ ਮਹਿਲਾ ਵਿਸ਼ਵ ਕੱਪ 'ਚ ਆਸਟਰੇਲਿਆਈ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਵਧਾਈ ਦਿੱਤੀ ਹੈ। ਮੋਦੀ ਅਤੇ ਮੌਰੀਸਨ ਨੇ ਵਰਚੁਅਲੀ ਗੱਲਬਾਤ ਕੀਤੀ ਸੀ। ਸ੍ਰੀ ਮੋਦੀ ਨੇ ਸ਼ੁਰੂਆਤੀ ਟਿੱਪਣੀ 'ਚ ਕਿਹਾ,''ਕ੍ਰਿਕਟ ਵਿਸ਼ਵ ਕੱਪ 'ਚ ਆਸਟਰੇਲਿਆਈ ਮਹਿਲਾ ਕ੍ਰਿਕਟ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਤੁਹਾਨੂੰ ਬਹੁਤ ਬਹੁਤ ਵਧਾਈ। ਸ਼ਨਿਚਰਵਾਰ ਦਾ ਮੈਚ ਆਸਟਰੇਲੀਆ ਨੇ ਭਾਰਤ ਤੋਂ ਜਿੱਤਿਆ ਜ਼ਰੂਰ ਹੈ ਪਰ ਟੂਰਨਾਮੈਂਟ ਅਜੇ ਖ਼ਤਮ ਨਹੀਂ ਹੋਇਆ ਹੈ।'' ਉਨ੍ਹਾਂ ਦੋਵੇਂ ਟੀਮਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਆਸਟਰੇਲੀਆ ਨੇ ਸ਼ਨਿਚਰਵਾਰ ਦੇ ਮੈਚ 'ਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ। -ਪੀਟੀਆਈ



Most Read

2024-09-20 21:44:29