World >> The Tribune


ਯੂਕਰੇਨ ਵਿੱਚ ਰੂਸੀ ਫ਼ੌਜ ਦੀ ਬੰਬਾਰੀ ਵਿੱਚ ਸਕੂਲ ਤਬਾਹ


Link [2022-03-21 12:35:35]



ਲਵੀਵ, 20 ਮਾਰਚ

ਰੂਸ ਵੱਲੋਂ ਬੰਦਰਗਾਹ ਸ਼ਹਿਰ ਮਾਰਿਉਪੋਲ 'ਚ ਕੀਤੇ ਗਏ ਹਮਲੇ 'ਚ ਇਕ ਆਰਟ ਸਕੂਲ ਤਬਾਹ ਹੋ ਗਿਆ ਹੈ। ਇਸ ਸਕੂਲ 'ਚ ਕਰੀਬ 400 ਲੋਕਾਂ ਨੇ ਪਨਾਹ ਲਈ ਹੋਈ ਸੀ ਅਤੇ ਜਾਨੀ ਨੁਕਸਾਨ ਦਾ ਪਤਾ ਨਹੀਂ ਲੱਗਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਬੰਬਾਰੀ ਕਾਰਨ ਸਕੂਲ ਦੀ ਇਮਾਰਤ ਢਹਿ-ਢੇਰੀ ਹੋ ਗਈ ਅਤੇ ਲੋਕ ਮਲਬੇ ਹੇਠਾਂ ਫਸੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਰੂਸੀ ਫ਼ੌਜ ਨੇ ਬੁੱਧਵਾਰ ਨੂੰ ਮਾਰਿਉਪੋਲ 'ਚ ਇਕ ਥੀਏਟਰ ਨੂੰ ਨਿਸ਼ਾਨਾ ਬਣਾਇਆ ਸੀ ਜਿਸ 'ਚ ਕਈ ਆਮ ਲੋਕ ਹਮਲਿਆਂ ਤੋਂ ਬਚਣ ਲਈ ਰੁਕੇ ਹੋਏ ਸਨ। ਇਸ ਦੌਰਾਨ ਮਾਈਕੋਲਾਈਵ ਦੇ ਕਾਲਾ ਸਾਗਰ ਬੰਦਰਗਾਹ ਸ਼ਹਿਰ 'ਤੇ ਰਾਕੇਟ ਹਮਲੇ 'ਚ 40 ਜਲ ਸੈਨਿਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਮਾਰਿਉਪੋਲ ਦੀ ਰੂਸੀ ਫ਼ੌਜ ਵੱਲੋਂ ਕੀਤੀ ਗਈ ਘੇਰਾਬੰਦੀ ਜੰਗੀ ਅਪਰਾਧ ਦੇ ਦਾਇਰੇ 'ਚ ਆਉਂਦੀ ਹੈ। ਜ਼ੇਲੈਂਸਕੀ ਨੇ ਕੌਮ ਦੇ ਨਾਮ ਵੀਡੀਓ ਸੁਨੇਹੇ 'ਚ ਕਿਹਾ,''ਸ਼ਾਂਤਮਈ ਸ਼ਹਿਰ ਨਾਲ ਹਮਲਾਵਰਾਂ ਨੇ ਜੋ ਕੁਝ ਕੀਤਾ ਹੈ, ਉਹ ਅਤਿਵਾਦ ਹੈ ਅਤੇ ਇਸ ਨੂੰ ਕਈ ਸਦੀਆਂ ਤੱਕ ਯਾਦ ਕੀਤਾ ਜਾਵੇਗਾ।'' ਉਧਰ ਜੰਗ 'ਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਜ਼ਾਰਾਂ ਰੂਸੀ ਫ਼ੌਜੀ ਮਾਰੇ ਗਏ ਹਨ। ਰੂਸ ਦੀ 2008 'ਚ ਜੌਰਜੀਆ ਨਾਲ ਹੋਈ 5 ਦਿਨਾਂ ਦੀ ਜੰਗ 'ਚ 64 ਫ਼ੌਜੀ ਮਾਰੇ ਗਏ ਸਨ ਜਦਕਿ ਅਫ਼ਗਾਨਿਸਤਾਨ 'ਚ 10 ਸਾਲਾਂ ਦੌਰਾਨ ਉਨ੍ਹਾਂ ਦੇ ਕਰੀਬ 15 ਹਜ਼ਾਰ ਜਵਾਨ ਮਾਰੇ ਗਏ ਸਨ ਅਤੇ ਚੇਚਨੀਆ 'ਚ 11 ਹਜ਼ਾਰ ਨੇ ਆਪਣੀ ਜਾਨ ਗੁਆਈ ਸੀ। ਰੂਸੀ ਫ਼ੌਜ ਨੇ ਕਿਹਾ ਹੈ ਕਿ ਯੂਕਰੇਨ ਦੇ ਫ਼ੌਜੀ ਟਿਕਾਣਿਆਂ 'ਤੇ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਅਤੇ ਕਰੂਜ਼ ਮਿਜ਼ਾਈਲਾਂ ਰਾਹੀਂ ਹਮਲੇ ਕੀਤੇ ਜਾ ਰਹੇ ਹਨ। ਅਜ਼ੋਵ ਸਾਗਰ 'ਚ ਰਣਨੀਤਕ ਤੌਰ 'ਤੇ ਮਹੱਤਵਪੂਰਨ ਬੰਦਰਗਾਹ ਮਾਰਿਉਪੋਲ 'ਚ ਪਿਛਲੇ ਤਿੰਨ ਹਫ਼ਤਿਆਂ ਤੋਂ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਸ਼ਹਿਰ ਦੀ ਘੇਰਾਬੰਦੀ ਕੀਤੇ ਜਾਣ ਕਾਰਨ ਲੋਕ ਭੋਜਨ, ਪਾਣੀ ਅਤੇ ਬਿਜਲੀ ਸਪਲਾਈ ਤੋਂ ਵਾਂਝੇ ਹਨ ਅਤੇ ਕਰੀਬ 2300 ਵਿਅਕਤੀ ਮਾਰੇ ਜਾ ਚੁੱਕੇ ਹਨ। ਮਾਰਿਉਪੋਲ ਦੇ ਪੁਲੀਸ ਅਧਿਕਾਰੀ ਮਿਸ਼ੇਲ ਵਰਸ਼ਨਿਨ ਨੇ ਕਿਹਾ ਕਿ ਰੂਸੀ ਫ਼ੌਜ ਦੇ ਹਮਲਿਆਂ ਕਾਰਨ ਸ਼ਹਿਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਾ ਹੈ ਅਤੇ ਬੱਚੇ 'ਤੇ ਬਜ਼ੁਰਗ ਮਰ ਰਹੇ ਹਨ। ਉਧਰ ਰਾਜਧਾਨੀ ਕੀਵ 'ਚ ਕਿਰਾਏ ਦੀ ਕੁੱਖ ਦੇਣ ਵਾਲੀਆਂ ਮਾਵਾਂ ਕੋਲ 20 ਬੱਚੇ ਆਰਜ਼ੀ ਪਨਾਹਗਾਹ 'ਚ ਫਸੇ ਹੋਏ ਹਨ ਅਤੇ ਇਹ ਔਰਤਾਂ ਬੱਚਿਆਂ ਦੀਆਂ ਮਾਵਾਂ ਦੀ ਉਡੀਕ ਕਰ ਰਹੀਆਂ ਹਨ। ਕੁਝ ਬੱਚੇ ਤਾਂ ਮਸਾਂ ਇਕ ਦਿਨ ਦੇ ਹਨ ਜਿਨ੍ਹਾਂ ਨੂੰ ਨਰਸਾਂ ਸੰਭਾਲ ਰਹੀਆਂ ਹਨ ਜੋ ਰੂਸੀ ਫ਼ੌਜ ਦੀ ਲਗਾਤਾਰ ਗੋਲਾਬਾਰੀ ਕਾਰਨ ਉਥੋਂ ਸੁਰੱਖਿਅਤ ਟਿਕਾਣਿਆਂ ਵੱਲ ਨਹੀਂ ਨਿਕਲ ਪਾ ਰਹੀਆਂ ਹਨ। ਰੂਸ ਅਤੇ ਯੂਕਰੇਨ ਨੂੰ ਗੱਲਬਾਤ ਲਈ ਰਾਜ਼ੀ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਤੁਰਕੀ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਆਪਣੇ ਯੂਕਰੇਨੀ ਹਮਰੁਤਬਾ ਵਲਾਦੀਮੀਰ ਜ਼ੇਲੈਂਸਕੀ ਨਾਲ ਅਜੇ ਵੀ ਮਿਲਣ ਦੇ ਇੱਛੁਕ ਨਹੀਂ ਹਨ। -ਏਪੀ

ਪੂਤਿਨ ਨੂੰ ਜ਼ਹਿਰ ਦੇ ਕੇ ਮਾਰਨ ਦੀ ਯੋਜਨਾ: ਯੂਕਰੇਨ

ਕੀਵ: ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਖ਼ੁਫ਼ੀਆ ਡਾਇਰੈਕਟੋਰੇਟ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜਾਨੋਂ ਮਾਰਨ ਲਈ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਧੜਾ ਸਰਗਰਮ ਹੋ ਗਿਆ ਹੈ। ਇਸ ਧੜੇ ਦਾ ਮਨੋਰਥ ਪੂਤਿਨ ਨੂੰ ਛੇਤੀ ਤੋਂ ਛੇਤੀ ਸੱਤਾ ਤੋਂ ਹਟਾ ਕੇ ਪੱਛਮ ਨਾਲ ਆਰਥਿਕ ਰਿਸ਼ਤੇ ਬਹਾਲ ਕਰਨਾ ਹੈ ਜੋ ਯੂਕਰੇਨ ਨਾਲ ਜੰਗ ਕਾਰਨ ਵਿਗੜ ਗਏ ਹਨ। ਯੂਕਰੇਨੀ ਇੰਟੈਲੀਜੈਂਸ ਨੇ ਕਿਹਾ ਕਿ ਰੂਸ ਦੇ ਸਿਆਸੀ ਹਲਕੇ ਫੈਡਰਲ ਸਕਿਉਰਿਟੀ ਸਰਵਿਸ ਡਾਇਰੈਕਟਰ ਅਲੈਗਜ਼ੈਂਡਰ ਬੋਰਟਨਿਕੋਵ ਨੂੰ ਪੂਤਿਨ ਦਾ ਜਾਨਸ਼ੀਨ ਦੇਖਦੇ ਹਨ। ਬੋਰਟਨਿਕੋਵ ਨੂੰ ਹੁਣੇ ਜਿਹੇ ਪੂਤਿਨ ਨੇ ਖੁੱਡੇ ਲਾਇਆ ਹੈ ਕਿਉਂਕਿ ਯੂਕਰੇਨ ਖ਼ਿਲਾਫ਼ ਜੰਗ 'ਚ ਉਸ ਦੀਆਂ ਗਿਣਤੀਆਂ-ਮਿਣਤੀਆਂ ਨਾਕਾਮ ਰਹੀਆਂ ਹਨ। ਜਾਣਕਾਰੀ ਮੁਤਾਬਕ ਪੂਤਿਨ ਨੂੰ ਜ਼ਹਿਰ ਦੇ ਕੇ, ਅਚਾਨਕ ਬਿਮਾਰੀ ਜਾਂ ਕਿਸੇ ਹੋਰ ਤਰੀਕੇ ਨਾਲ ਸੱਤਾ ਤੋਂ ਲਾਂਭੇ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਯੂਕਰੇਨੀ ਇੰਟੈਲੀਜੈਂਸ ਮੁਤਾਬਕ ਰੂਸ ਵੱਲੋਂ ਯੂਕਰੇਨ ਦੇ ਆਗੂਆਂ ਦੇ ਖਾਤਮੇ ਲਈ ਹੋਰ ਅਤਿਵਾਦੀ ਗੁੱਟਾਂ ਨੂੰ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਦਾ ਮੁੱਖ ਨਿਸ਼ਾਨਾ ਵਲਾਦੀਮੀਰ ਜ਼ੇਲੈਂਸਕੀ, ਐਂਡਰੀ ਯਰਮਾਕ ਅਤੇ ਡੇਨਿਸ ਸ਼ਮੀਹਾਲ ਸ਼ਾਮਲ ਹਨ। -ਆਈਏਐਨਐਸ



Most Read

2024-09-20 23:24:02