World >> The Tribune


ਜਲਵਾਯੂ ਤਬਦੀਲੀ ਨਾਲ ਸਿੱਝਣ ਲਈ ਜੰਗਲੀ ਇਲਾਕੇ ਵਿਕਸਤ ਕੀਤੇ: ਈਕੋ ਸਿੱਖ


Link [2022-03-21 12:35:35]



ਵਾਸ਼ਿੰਗਟਨ, 20 ਮਾਰਚ

ਅਮਰੀਕਾ ਦੀ ਸਿੱਖ ਜਥੇਬੰਦੀ ਈਕੋ ਸਿੱਖ ਨੇ ਜਲਵਾਯੂ ਤਬਦੀਲੀ ਦੇ ਟਾਕਰੇ ਲਈ ਭਾਰਤ ਅਤੇ ਦੁਨੀਆ ਦੇ ਕਈ ਹਿੱਸਿਆਂ 'ਚ 400 ਜਗਲੀ ਖੇਤਰ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਸਿੱਖ ਵਾਤਾਵਰਨ ਦਿਵਸ ਮੌਕੇ ਕੀਤੇ ਗਏ ਐਲਾਨ ਮੁਤਾਬਕ ਈਕੋ ਸਿੱਖ ਨੇ ਕਿਹਾ ਕਿ ਉਸ ਨੇ ਆਇਰਲੈਂਡ 'ਚ 1150 ਅਤੇ ਬ੍ਰਿਟੇਨ ਦੇ ਡਰਬੀਸ਼ਾਇਰ 'ਚ 500 ਬੂਟੇ ਲਾਏ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਸਰੀ 'ਚ 250 ਬੂਟਿਆਂ ਦਾ ਜੰਗਲੀ ਖੇਤਰ ਵਿਕਸਤ ਕੀਤਾ ਗਿਆ ਹੈ। ਈਕੋ ਸਿੱਖ ਨੇ ਆਪਣੇ ਪ੍ਰਾਜੈਕਟ 'ਚ ਸਥਾਨਕ ਸਰਕਾਰਾਂ ਅਤੇ ਗੁਰਦੁਆਰਿਆਂ ਤੋਂ ਸਹਿਯੋਗ ਲਿਆ ਹੈ। ਜਥੇਬੰਦੀ ਨੇ ਸ਼ਨਿਚਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਜੰਗਲਾਂ ਨੂੰ 'ਗੁਰੂ ਨਾਨਕ ਪਵਿੱਤਰ ਜੰਗਲ' ਕਿਹਾ ਜਾਂਦਾ ਹੈ ਜਿਸ ਦਾ ਨਾਮ ਸਿੱਖਾਂ ਦੇ ਪਹਿਲੇ ਗੁਰੂ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਮੁਹਿੰਮ 2019 'ਚ ਸ਼ੁਰੂ ਹੋਈ ਸੀ ਜਦੋਂ ਸਿੱਖਾਂ ਨੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਸੀ। ਈਕੋ ਸਿੱਖ ਦੇ ਬਾਨੀ ਅਤੇ ਆਲਮੀ ਪ੍ਰਧਾਨ ਰਾਜਵੰਤ ਸਿੰਘ ਨੇ ਕਿਹਾ,''ਪਵਿੱਤਰ ਜੰਗਲ ਪ੍ਰਾਜੈਕਟ ਇਕ ਫਿਰਕੇ 'ਤੇ ਆਧਾਰਿਤ ਪਹਿਲ ਬਣ ਗਈ ਹੈ ਅਤੇ ਦੁਨੀਆ 'ਚ ਸੈਂਕੜੇ ਲੋਕ ਇਸ ਮੁਹਿੰਮ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 36 ਮਹੀਨਿਆਂ 'ਚ ਈਕੋ ਸਿੱਖ ਨੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਜੰਮੂ ਸਮੇਤ ਪੂਰੇ ਭਾਰਤ ਦੇ ਕਈ ਸੂਬਿਆਂ 'ਚ ਜੰਗਲੀ ਖੇਤਰ ਵਿਕਸਤ ਕੀਤੇ ਹਨ।

ਹਰੇਕ ਜੰਗਲ 'ਚ ਦੇਸੀ ਕਿਸਮਾਂ ਦੇ 550 ਬੂਟੇ ਹਨ। ਉਨ੍ਹਾਂ ਇਹ ਜੰਗਲ ਪੂਰੇ ਪੰਜਾਬ ਅਤੇ ਭਾਰਤ 'ਚ ਗੂਗਲ ਮੈਪਸ 'ਤੇ ਟੈਗ ਕੀਤੇ ਹਨ। -ਪੀਟੀਆਈ



Most Read

2024-09-20 21:35:54