Breaking News >> News >> The Tribune


ਮੋਦੀ ਨੇ ਯੂਪੀ, ਉੱਤਰਾਖੰਡ ਅਤੇ ਗੋਆ ’ਚ ਸਰਕਾਰ ਬਣਾਉਣ ਬਾਰੇ ਕੀਤੀ ਚਰਚਾ


Link [2022-03-21 09:57:03]



ਨਵੀਂ ਦਿੱਲੀ, 20 ਮਾਰਚ

ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੇ ਅੱਜ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਗੋਆ 'ਚ ਸਰਕਾਰ ਬਣਾਉਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ 'ਤੇ ਵਿਚਾਰ ਵਟਾਂਦਰਾ ਕੀਤਾ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਤਿੰਨੋਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣਾ ਸੀ। ਮੀਟਿੰਗ 'ਚ ਭਾਜਪਾ ਮੁਖੀ ਜੇ ਪੀ ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਪਾਰਟੀ ਜਨਰਲ ਸਕੱਤਰ (ਜਥੇਬੰਦੀ) ਬੀ ਐੱਲ ਸੰਤੋਸ਼ ਅਤੇ ਹੋਰ ਆਗੂ ਹਾਜ਼ਰ ਸਨ। ਭਾਜਪਾ ਨੇ ਯੋਗੀ ਆਦਿੱਤਿਆਨਾਥ ਨੂੰ ਯੂਪੀ 'ਚ ਮੁੱਖ ਮੰਤਰੀ ਬਣਾਈ ਰੱਖਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਉਨ੍ਹਾਂ ਵੱਲੋਂ 25 ਮਾਰਚ ਨੂੰ ਸਹੁੰ ਚੁੱਕੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਯੋਗ ਨੂੰ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਹੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਸੀ। ਭਾਜਪਾ ਨੇ ਯੂਪੀ 'ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਹੈ। ਪਾਰਟੀ ਨੂੰ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਤੋਂ ਸਖ਼ਤ ਟੱਕਰ ਮਿਲੀ ਸੀ ਪਰ ਵੋਟਰਾਂ ਨੇ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਤਰਜੀਹ ਦਿੱਤੀ। ਸੂਤਰਾਂ ਨੇ ਕਿਹਾ ਕਿ ਗੋਆ 'ਚ ਪ੍ਰਮੋਦ ਸਾਵੰਤ ਨੂੰ ਮੁੜ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

ਉੱਤਰਾਖੰਡ 'ਚ ਭਾਜਪਾ ਵੱਲੋਂ ਦੋ-ਤਿਹਾਈ ਬਹੁਮਤ ਹਾਸਲ ਕੀਤੇ ਜਾਣ ਦੇ ਬਾਵਜੂਦ ਉਥੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਫ਼ੈਸਲਾ ਨਹੀਂ ਹੋ ਸਕਿਆ ਹੈ ਕਿਉਂਕਿ ਪੁਸ਼ਕਰ ਸਿੰਘ ਧਾਮੀ ਚੋਣ ਹਾਰ ਚੁੱਕੇ ਹਨ। ਉਂਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਅਗਲੇ ਮੁੱਖ ਮੰਤਰੀ ਦਾ ਫ਼ੈਸਲਾ ਲੈਣਾ ਹੈ। -ਆਈਏਐਨਐਸ

ਉੱਤਰਾਖੰਡ ਦੇ ਨਵੇਂ ਚੁਣੇ ਵਿਧਾਇਕ ਅੱਜ ਲੈਣਗੇ ਹਲਫ਼

ਨਵੀਂ ਦਿੱਲੀ: ਉੱਤਰਾਖੰਡ ਵਿਧਾਨ ਸਭਾ ਦੇ ਨਵੇਂ ਚੁਣੇ ਵਿਧਾਇਕ ਸੋਮਵਾਰ ਨੂੰ ਹਲਫ਼ ਲੈਣਗੇ ਅਤੇ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਸੋਮਵਾਰ ਸ਼ਾਮ ਨੂੰ ਬੁਲਾਈ ਗਈ ਹੈ। ਹਾਲਾਂਕਿ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਨੂੰ ਵਿਧਾਇਕ ਦਲ ਦੀ ਮੀਟਿੰਗ ਬਾਰੇ ਜਾਣਕਾਰੀ ਨਹੀਂ ਹੈ। ਇਸੇ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ ਰਾਜਧਾਨੀ ਦੇਹਰਾਦੂਨ ਵਿੱਚ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਦੀ ਅਹੁਦੇ ਨਾਵਾਂ 'ਤੇ ਚਰਚਾ ਕੀਤੀ ਗਈ ਹੈ। ਉੱਤਰਾਖੰਡ ਵਿੱਚ ਭਾਜਪਾ ਸਰਕਾਰ ਦੇ ਗਠਨ ਲਈ ਇੱਕ ਮੀਟਿੰਗ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਹੋਈ ਹੈ। ਇਸ ਮਗਰੋਂ ਉੱਤਰਾਖੰਡ ਭਾਜਪਾ ਦੇ ਨੇੇਤਾਵਾਂ ਵੱਲੋਂ ਇੱਥੇ ਇੱਕ ਹੋਰ ਮੀਟਿੰਗ ਸਾਬਕਾ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ੰਕ' ਦੀ ਰਿਹਾਇਸ਼ 'ਤੇ ਕੀਤੀ ਗਈ ਹੈ। ਭਾਜਪਾ ਦੇ ਇੱਕ ਨਵੇਂ ਚੁਣੇ ਗਏ ਵਿਧਾਇਕ ਨੇ ਕਿਹਾ, ''ਹੁਣ ਤੱਕ, ਮੈਨੂੰ ਸਿਰਫ ਨਵੇਂ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਸਬੰਧੀ ਪਤਾ ਹੈ, ਜਿਹੜਾ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਮੈਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ।'' ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵਿਧਾਇਕ ਸਤਪਾਲ ਮਹਾਰਾਜ ਵੱਲੋਂ ਅੱਜ ਸ਼ਾਹ ਦੀ ਰਿਹਾਇਸ਼ 'ਤੇ ਮੀਟਿੰਗ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਕੋਲ ਬਹੁਗਿਣਤੀ ਸਮਰਥਨ ਹੈ ਪਰ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ ਕਾਰਨ ਉਹ ਮੀਟਿੰਗ ਛੱਡ ਕੇ ਚਲੇ ਗੲੇ। -ਆਈਏਐੱਨਐੱਸ



Most Read

2024-09-22 04:56:49