Breaking News >> News >> The Tribune


ਲੋਕਤਾਂਤਰਿਕ ਜਨਤਾ ਦਲ ਵੱਲੋਂ ਆਰਜੇਡੀ ਵਿੱਚ ਰਲੇਵਾਂ


Link [2022-03-21 09:57:03]



ਨਵੀਂ ਦਿੱਲੀ, 20 ਮਾਰਚ

ਸਾਬਕਾ ਕੇਂਦਰੀ ਮੰਤਰੀ ਅਤੇ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਆਪਣੀ ਪਾਰਟੀ ਲੋਕਤਾਂਤਰਿਕ ਜਨਤਾ ਦਲ (ਐੱਲਜੇਡੀ) ਦਾ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਵਿੱਚ ਰਲੇਵਾਂ ਕਰ ਲਿਆ ਹੈ। ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਸੀਨੀਅਰ ਨੇਤਾ ਸ਼ਰਦ ਯਾਦਵ (74) ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਇਹ ਭਾਜਪਾ ਵਿਰੋਧੀ ਪਾਰਟੀਆਂ ਲਈ ਸੱਤਾਧਾਰੀਆਂ ਦੇ ਵਿਸਤਾਰ ਖ਼ਿਲਾਫ਼ ਇੱਕਜੁਟ ਹੋਣ ਦਾ ਸੁਨੇਹਾ ਹੈ।

ਜ਼ਿਕਰਯੋਗ ਹੈ ਸ੍ਰੀ ਸ਼ਰਦ ਯਾਦਵ ਨੇ ਜਨਤਾ ਦਲ (ਯੂ) ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਨਾਲੋਂ ਵੱਖ ਹੋ ਕੇ ਐੱਲਜੇਡੀ ਦਾ ਗਠਨ ਕੀਤਾ ਸੀ। ਇਹ ਵੀ ਦੱਸਣਯੋਗ ਹੈ ਕਿ ਉਨ੍ਹਾਂ ਨੇ 2019 ਵਿੱਚ ਲੋਕ ਸਭਾ ਚੋਣ ਆਰਜੇਡੀ ਦੀ ਟਿਕਟ 'ਤੇ ਲੜੀ ਸੀ ਅਤੇ ਜਦਕਿ ਉਨ੍ਹਾਂ ਦੀ ਬੇਟੀ ਨੇ 2020 ਦੀ ਬਿਹਾਰ ਵਿਧਾਨ ਸਭਾ ਦੀ ਚੋਣ ਕਾਂਗਰਸ ਵੱਲੋਂ ਲੜੀ ਸੀ, ਜਿਹੜੀ ਉਦੋਂ ਆਰਜੇਡੀ ਦੀ ਸਹਿਯੋਗੀ ਸੀ। ਸ਼ਰਦ ਯਾਦਵ ਨੇ ਬਿਹਾਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਖ਼ਿਲਾਫ਼ ਤੇਜਸਵੀ ਯਾਦਵ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਇੱਕਜੁਟਤਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਦੇਸ਼ ਭਰ ਵਿੱਚ ਭਾਜਪਾ ਖ਼ਿਲਾਫ਼ ਹੱਥ ਮਿਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਇਹ ਰਲੇਵਾਂ ਦੇਸ਼ ਵਿੱਚ ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਜਨਤਾ ਪਰਿਵਾਰ ਨੂੰ ਇਕੱਠਿਆਂ ਕਰਨ ਦੀਆਂ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਇੱਕ ਉਪਰਾਲਾ ਹੈ।'' ਇਸ ਤੋਂ ਪਹਿਲਾਂ ਸ਼ਰਦ ਯਾਦਵ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਭਾਜਪਾ ਸਰਕਾਰ ਫੇਲ੍ਹ ਹੋ ਚੁੱਕੀ ਹੈ ਅਤੇ ਲੋਕ ਇੱਕ ਮਜ਼ਬੂਤ ਵਿਰੋਧੀ ਧਿਰ ਲੱਭ ਰਹੇ ਹਨ। -ਪੀਟੀਆਈ



Most Read

2024-09-22 05:01:27