Breaking News >> News >> The Tribune


ਪਾਕਿ ਆਧਾਰਿਤ ਅਤਿਵਾਦ ਦੀ ਮਾਰ ਵਾਦੀ ਦੇ ਹਰੇਕ ਨਾਗਰਿਕ ’ਤੇ ਪਈ: ਆਜ਼ਾਦ


Link [2022-03-21 09:57:03]



ਜੰਮੂ, 20 ਮਾਰਚ

ਫਿਲਮ 'ਦਿ ਕਸ਼ਮੀਰ ਫਾਈਲਜ਼' ਦਾ ਅਸਿੱਧੇ ਤੌਰ 'ਤੇ ਹਵਾਲਾ ਦਿੰਦਿਆਂ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਤਿੰਨ ਦਹਾਕਿਆਂ ਤੋਂ ਵਧ ਸਮੇਂ ਤੋਂ ਚੱਲ ਰਹੇ ਪਾਕਿਸਤਾਨ ਆਧਾਰਿਤ ਅਤਿਵਾਦ ਦਾ ਅਸਰ ਜੰਮੂ ਕਸ਼ਮੀਰ ਦੇ ਹਰੇਕ ਨਾਗਰਿਕ 'ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਨੂੰ ਕਿਸੇ ਖਾਸ ਇਕ ਧਰਮ ਨਾਲ ਜੋੜਨਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਮੁੜ ਜੰਨਤ ਬਣਾਉਣ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਵੇਗਾ। ਜੰਮੂ ਸਿਵਲ ਸੁਸਾਇਟੀ ਵੱਲੋਂ ਉਨ੍ਹਾਂ ਦੇ ਸਨਮਾਨ 'ਚ ਕਰਵਾਏ ਗੲੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਜ਼ਾਦ ਨੇ ਕਿਹਾ,''ਪਾਕਿਸਤਾਨ ਆਧਾਰਿਤ ਅਤਿਵਾਦ ਨੇ ਵਾਦੀ 'ਚ ਮੌਤ ਅਤੇ ਤਬਾਹੀ ਲਿਆਂਦੀ ਅਤੇ ਉਹ ਸਾਰੀਆਂ ਅਲਾਮਤਾਂ ਲਈ ਜ਼ਿੰਮੇਵਾਰ ਹੈ। ਕਈਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ, ਹਜ਼ਾਰਾਂ ਔਰਤਾਂ ਵਿਧਵਾ ਹੋ ਗਈਆਂ ਅਤੇ ਲੱਖਾਂ ਬੱਚੇ ਅਨਾਥ ਹੋ ਗਏ। ਉਨ੍ਹਾਂ ਮੁਸਲਮਾਨਾਂ, ਹਿੰਦੂਆਂ, ਪੰਡਤਾਂ ਸਮੇਤ ਸਾਰਿਆਂ ਨੂੰ ਨਿਸ਼ਾਨਾ ਬਣਾਇਆ। ਇਥੋਂ ਤੱਕ ਕਿ ਧਾਰਮਿਕ ਅਸਥਾਨਾਂ ਨੂੰ ਵੀ ਬਖ਼ਸ਼ਿਆ ਨਹੀਂ।'' ਉਨ੍ਹਾਂ ਕਿਹਾ ਕਿ ਸਮਾਜ 'ਚ 90 ਫ਼ੀਸਦੀ ਬੁਰਾਈਆਂ ਸਿਆਸਤਦਾਨਾਂ ਕਾਰਨ ਹਨ ਕਿਉਂਕਿ ਉਹ ਲੋਕਾਂ ਨੂੰ ਆਪਣੇ ਵੋਟ ਬੈਂਕ ਕਾਰਨ ਵੰਡਦੇ ਹਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਦਾ ਇਕੋ ਇਕ ਹਾਂ-ਪੱਖੀ ਅਸਰ ਹੋਇਆ ਕਿ ਜੰਮੂ ਵੰਨ-ਸੁਵਨਤਾ ਵਾਲਾ ਸ਼ਹਿਰ ਬਣ ਗਿਆ। 'ਜੰਮੂ ਇਕੋ ਥਾਂ ਹੈ ਜਿਥੇ ਜੰਮੂ ਕਸ਼ਮੀਰ ਅਤੇ ਲੱਦਾਖ ਦੇ 22 ਜ਼ਿਲ੍ਹਿਆਂ ਦੇ ਸਾਰੇ ਲੋਕ ਰਹਿ ਰਹੇ ਹਨ। ਕਸ਼ਮੀਰ ਨੂੰ ਇਹ ਲਾਹਾ ਨਹੀਂ ਮਿਲ ਸਕਿਆ ਹੈ ਜਦਕਿ ਦਹਿਸ਼ਤਗਰਦੀ ਦੇ ਬਾਵਜੂਦ ਉਹ ਧਰਮ ਨਿਰਪੱਖ ਰਿਹਾ ਹੈ।' ਉਨ੍ਹਾਂ ਲੋਕਾਂ ਨੂੰ ਸਿਆਸਤਦਾਨਾਂ ਦੇ ਵੰਡੀਆਂ ਪਾਉਣ ਵਾਲੇ ਵਿਚਾਰਾਂ ਤੋਂ ਖ਼ਬਰਦਾਰ ਰਹਿਣ ਲਈ ਕਿਹਾ। -ਪੀਟੀਆਈ

'ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਨਹੀਂ ਲੜਨੀ ਚਾਹੀਦੀ ਸੀ'

ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਆਪਣੇ ਭਾਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (95) ਨੂੰ ਚੋਣ ਨਹੀਂ ਲੜਨੀ ਚਾਹੀਦੀ ਸੀ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ 'ਆਪ' ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ ਚੋਣ ਹਾਰ ਗਏ ਸਨ। ਉਨ੍ਹਾਂ ਕਿਹਾ ਕਿ ਵੱਡੀ ਉਮਰ ਹੋਣ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਮੈਦਾਨ 'ਚ ਨਹੀਂ ਉਤਰਨਾ ਚਾਹੀਦਾ ਸੀ।



Most Read

2024-09-22 04:36:33