Breaking News >> News >> The Tribune


ਸੋਨੀਆ ਦੀ ਅਗਵਾਈ ’ਤੇ ਕੋਈ ਸਵਾਲ ਨਹੀਂ: ਆਜ਼ਾਦ


Link [2022-03-20 08:34:01]



ਨਵੀਂ ਦਿੱਲੀ, 19 ਮਾਰਚ

ਕਾਂਗਰਸ ਦੇ ਜੀ-23 ਗਰੁੱਪ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਲੀਡਰਸ਼ਿਪ ਵਿਚ ਬਦਲਾਅ ਕੋਈ ਮੁੱਦਾ ਨਹੀਂ ਹੈ ਕਿਉਂਕਿ ਕਾਂਗਰਸ ਵਰਕਿੰਗ ਕਮੇਟੀ ਨੇ ਸਹਿਮਤੀ ਨਾਲ ਫ਼ੈਸਲਾ ਕੀਤਾ ਸੀ ਕਿ ਸੋਨੀਆ ਨੂੰ ਪਾਰਟੀ ਦੀਆਂ ਚੋਣਾਂ ਹੋਣ ਤੱਕ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ। ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ 10, ਜਨਪਥ ਉਤੇ ਮੁਲਾਕਾਤ ਤੋਂ ਬਾਅਦ ਆਜ਼ਾਦ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਦਿੱਤੇ ਹਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵਿਰੋਧੀਆਂ ਦਾ ਟਾਕਰਾ 'ਇਕਜੁੱਟਤਾ' ਨਾਲ ਕਰਨ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗਰੁੱਪ-23 ਦੇ ਆਗੂਆਂ ਨੇ ਮੀਟਿੰਗ ਕੀਤੀ ਸੀ। ਉਨ੍ਹਾਂ 'ਸਮੂਹਿਕ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਅਗਵਾਈ' ਦਾ ਪੱਖ ਪੂਰਿਆ ਸੀ। ਜੀ-23 ਦੇ ਹੀ ਆਗੂ ਕਪਿਲ ਸਿੱਬਲ ਨੇ ਹਾਲ ਹੀ ਵਿਚ ਕਿਹਾ ਸੀ ਕਿ ਗਾਂਧੀ ਪਰਿਵਾਰ ਨੂੰ ਹੁਣ ਕਾਂਗਰਸ ਦੀ ਅਗਵਾਈ ਦਾ ਮੌਕਾ ਕਿਸੇ ਹੋਰ ਨੂੰ ਦੇਣਾ ਚਾਹੀਦਾ ਹੈ। ਆਜ਼ਾਦ ਨੇ ਸਿੱਬਲ ਦੀ ਬਿਆਨਬਾਜ਼ੀ 'ਤੇ ਕਿਹਾ ਕਿ 'ਅਗਵਾਈ ਵਿਚ ਬਦਲਾਅ ਦਾ ਕੋਈ ਸਵਾਲ ਨਹੀਂ ਹੈ। ਜਦ ਸ੍ਰੀਮਤੀ ਗਾਂਧੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਤਾਂ ਸੀਡਬਲਿਊਸੀ ਵਿਚ ਅਸੀਂ ਸਾਰਿਆਂ ਨੇ ਉਨ੍ਹਾਂ ਨੂੰ ਬਣੇ ਰਹਿਣ ਲਈ ਕਿਹਾ

ਰਾਹੁਲ ਨਾਲ ਹੁੱਡਾ ਕਰ ਚੁੱਕੇ ਨੇ ਮੁਲਾਕਾਤ

ਹਾਲ ਹੀ ਵਿਚ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਮੁਤਾਬਕ ਇਨ੍ਹਾਂ ਦੋਵਾਂ ਆਗੂਆਂ ਨੇ ਵੀ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਫੇਰਬਦਲ ਬਾਰੇ ਚਰਚਾ ਕੀਤੀ ਹੈ। ਦੱਸਣਯੋਗ ਹੈ ਕਿ ਕਪਿਲ ਸਿੱਬਲ ਵੱਲੋਂ ਗਾਂਧੀ ਪਰਿਵਾਰ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਕਈ ਕਾਂਗਰਸੀ ਆਗੂਆਂ ਨੇ ਉਨ੍ਹਾਂ (ਸਿੱਬਲ) 'ਤੇ ਨਿਸ਼ਾਨਾ ਸੇਧਿਆ ਸੀ। -ਪੀਟੀਆਈ



Most Read

2024-09-22 06:31:19