Breaking News >> News >> The Tribune


ਅਤਿਵਾਦ ਖ਼ਿਲਾਫ਼ ਸੀਏਪੀਐੱਫ ਨੇ ਅਹਿਮ ਭੂਮਿਕਾ ਨਿਭਾਈ: ਸ਼ਾਹ


Link [2022-03-20 08:34:01]



ਜੰਮੂ, 19 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀ ਹਮਾਇਤ ਹਾਸਲ ਅਤਿਵਾਦ ਖ਼ਿਲਾਫ਼ ਜੰਗ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਫੋਰਸਿਜ਼ (ਸੀਏਪੀਐੱਫ) ਨੇ ਫ਼ੈਸਲਾਕੁਨ ਭੂਮਿਕਾ ਨਿਭਾਈ ਹੈ ਅਤੇ ਅਤਿਵਾਦੀ ਗਤੀਵਿਧੀਆਂ ਕਾਰਨ ਹੀ ਜੰਮੂ ਕਸ਼ਮੀਰ 'ਚੋਂ ਧਾਰਾ 370 ਮਨਸੂਖ਼ ਕਰਨ ਦਾ ਫ਼ੈਸਲਾ ਲੈਣਾ ਪਿਆ। ਉਨ੍ਹਾਂ ਨਾਲ ਹੀ ਭ੍ਰਿਸ਼ਟਾਚਾਰ ਖ਼ਿਲਾਫ਼ ਡਟਣ ਤੇ ਯੂਟੀ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ 'ਤੇ ਪਾਉਣ ਲਈ ਸਥਾਨਕ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ। ਅੱਜ ਇੱਥੇ ਸੀਏਪੀਐੱਫ ਦੇ 83ਵੇਂ ਸਥਾਪਨਾ ਦਿਵਸ ਦੀ ਪਰੇਡ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੰਮੂ ਕਸ਼ਮੀਰ 'ਚ ਵੱਡੇ ਪੱਧਰ 'ਤੇ ਤਬਦੀਲੀਆਂ ਹੋਈਆਂ ਹਨ ਤੇ ਜਮਹੂਰੀਅਤ ਨੂੰ ਪਿੰਡਾਂ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ, 'ਅੱਜ 30 ਹਜ਼ਾਰ ਤੋਂ ਵੱਧ ਲੋਕ ਪੰਚਾਇਤਾਂ ਦੇ ਮੈਂਬਰ ਚੁਣੇ ਜਾ ਚੁੱਕੇ ਹਨ। ਹੁਣ ਹਰ ਪਿੰਡ 'ਚ ਪੰਚ ਤੇ ਸਰਪੰਚ ਹਨ ਤੇ ਉਹ ਪਿੰਡਾਂ 'ਚ ਵਿਕਾਸ ਕਾਰਜ ਦੇਖ ਰਹੇ ਹਨ। ਤਹਿਸੀਲਾਂ ਤੇ ਜ਼ਿਲ੍ਹਾ ਪੰਚਾਇਤਾਂ ਦਾ ਗਠਨ ਕੀਤਾ ਗਿਆ ਹੈ ਅਤੇ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਪੰਚਾਇਤੀ ਰਾਜ ਨੂੰ ਕਾਮਯਾਬੀ ਨਾਲ ਜ਼ਮੀਨੀ ਪੱਧਰ ਤੱਕ ਲੈ ਕੇ ਗਈ ਹੈ।' ਉਨ੍ਹਾਂ ਕਿਹਾ ਕਿ ਧਾਰਾ 370 ਹਟਣ ਮਗਰੋਂ ਸਮਾਜ ਦੇ ਹਰ ਵਰਗ ਦਾ ਵਿਕਾਸ ਹੋਇਆ ਹੈ। ਸ਼ਾਹ ਨੇ ਕਿਹਾ ਕਿ ਪਹਿਲਾਂ ਦਲਿਤ, ਪੱਛੜੇ ਵਰਗ, ਮਹਿਲਾਵਾਂ ਤੇ ਪਹਾੜੀ ਬੋਲਣ ਵਾਲੇ ਲੋਕ ਵਿਕਾਸ ਦੀਆਂ ਸਹੂਲਤਾਂ ਤੋਂ ਵਾਂਝੇ ਸਨ ਪਰ ਹੁਣ ਲਾਗੂ ਕੀਤੇ ਗਏ ਨਵੇਂ ਕਾਨੂੰਨਾਂ ਕਾਰਨ ਹਰ ਕਿਸੇ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਜੋ ਸਭ ਤੋਂ ਵੱਡਾ ਕੰਮ ਹੋਇਆ ਹੈ ਉਹ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਖ਼ਿਲਾਫ਼ ਸੀਏਪੀਐੱਫ ਵੱਲੋਂ ਨਿਭਾਈ ਗਈ ਫ਼ੈਸਲਾਕੁਨ ਭੂਮਿਕਾ ਹੈ। ਉਨ੍ਹਾਂ ਕਿਹਾ, 'ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਾਲਾਂ 'ਚ ਅਸੀਂ ਜੰਮੂ ਕਸ਼ਮੀਰ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਸ਼ਾਤੀ ਕਾਇਮ ਕਰ ਲਵਾਂਗੇ। ਜੇ ਅਜਿਹਾ ਹੋਇਆ ਤਾਂ ਇਸ ਦਾ ਸਿਹਰਾ ਸੀਆਰਪੀਐੱਫ ਦੇ ਜਵਾਨਾਂ ਨੂੰ ਜਾਵੇਗਾ।' ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਵੀ ਕੀਤੀ। -ਪੀਟੀਆਈ



Most Read

2024-09-22 06:37:28