World >> The Tribune


ਅਮਰੀਕਾ ਨੇ ਪੂਤਿਨ ਖ਼ਿਲਾਫ਼ ਭਾਰਤ ਤੋਂ ਸਹਿਯੋਗ ਮੰਗਿਆ


Link [2022-03-18 09:53:49]



ਵਾਸ਼ਿੰਗਟਨ, 17 ਮਾਰਚ

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ, ਭਾਰਤੀ ਆਗੂਆਂ ਦੇ ਸੰਪਰਕ 'ਚ ਹੈ ਅਤੇ ਯੂਕਰੇਨ 'ਤੇ ਰੂਸੀ ਹਮਲੇ ਖ਼ਿਲਾਫ਼ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖੇਗਾ। ਰੋਜ਼ਾਨਾ ਨਿਊਜ਼ ਕਾਨਫਰੰਸ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਤੋਂ ਪੁੱਛਿਆ ਗਿਆ ਸੀ ਕਿ ਯੂਕਰੇਨ 'ਚ ਜੰਗ ਦਰਮਿਆਨ ਖ਼ਿੱਤੇ 'ਚ ਸ਼ਾਂਤੀ ਲਿਆਉਣ ਲਈ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰ ਕਿਵੇਂ ਰਲ ਕੇ ਕੰਮ ਕਰ ਰਹੇ ਹਨ।

ਪਸਾਕੀ ਨੇ ਦੱਸਿਆ,''ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ ਕੌਮੀ ਸੁਰੱਖਿਆ ਟੀਮ ਰਾਹੀਂ ਵੱਖ ਵੱਖ ਤਰੀਕਿਆਂ ਨਾਲ ਭਾਰਤੀ ਆਗੂਆਂ ਦੇ ਸੰਪਰਕ 'ਚ ਹਾਂ ਅਤੇ ਰਾਸ਼ਟਰਪਤੀ ਪੂਤਿਨ ਦੇ ਹਮਲੇ ਖ਼ਿਲਾਫ਼ ਖੜ੍ਹੇ ਹੋਣ ਲਈ ਸਾਡੇ ਨਾਲ ਨੇੜਿਉਂ ਕੰਮ ਕਰਨ ਲਈ ਉਨ੍ਹਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੇ ਹਾਂ।'' ਅਮਰੀਕਾ ਵੱਲੋਂ ਮਾਸਕੋ ਦੀ ਨਿੰਦਾ ਕਰਨ ਅਤੇ ਉਸ 'ਤੇ ਸਖ਼ਤ ਪਾਬੰਦੀਆਂ ਲਗਾਉਣ ਲਈ ਆਪਣੇ ਸਹਿਯੋਗੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ।

ਅਮਰੀਕੀ ਹਿੰਦ ਪ੍ਰਸ਼ਾਂਤ ਕਮਾਂਡ ਦੇ ਕਮਾਂਡਰ ਐਡਮਿਰਲ ਜੌਹਨ ਕ੍ਰਿਸਟੋਫਰ ਐਕਵੀਲਿਨੋ ਨੇ ਪਿਛਲੇ ਹਫ਼ਤੇ ਸੰਸਦ 'ਚ ਇਕ ਸੁਣਵਾਈ ਦੌਰਾਨ ਕਿਹਾ ਸੀ ਕਿ ਅਮਰੀਕਾ ਅਤੇ ਭਾਰਤ ਇਕ ਜ਼ਬਰਦਸਤ ਭਾਈਵਾਲ ਹਨ ਅਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਸਬੰਧ ਸਿਖਰਲੇ ਪੱਧਰ 'ਤੇ ਹਨ। ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਲਈ ਸਹਾਇਕ ਰੱਖਿਆ ਮੰਤਰੀ ਐਲੀ ਰੈਟਨਰ ਨੇ ਇਕ ਹੋਰ ਬੈਠਕ ਦੌਰਾਨ ਕਿਹਾ ਸੀ ਕਿ ਭਾਰਤ ਦਾ ਰੂਸ ਨਾਲ ਗੁੰਝਲਦਾਰ ਇਤਿਹਾਸ ਰਿਹਾ ਹੈ।

ਇਸ ਦੌਰਾਨ ਡੈਮੋਕਰੈਟਿਕ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਾ ਕਰੇ। ਅਮਰੀਕਾ 'ਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੂੰ ਦੋ ਸੰਸਦ ਮੈਂਬਰ ਟੈੱਡ ਡਬਲਿਊ ਲਿਊ ਅਤੇ ਟੌਮ ਮਾਲਿਨੋਵਸਕੀ ਨੇ ਚਿੱਠੀ ਲਿਖ ਕੇ ਸੰਯੁਕਤ ਰਾਸ਼ਟਰ ਮਹਾਸਭਾ 'ਚ 2 ਮਾਰਚ ਨੂੰ ਹੋਈ ਵੋਟਿੰਗ 'ਚ ਹਿੱਸਾ ਨਾ ਲੈਣ ਦੇ ਭਾਰਤ ਦੇ ਫ਼ੈਸਲੇ 'ਤੇ ਨਿਰਾਸ਼ਾ ਜਤਾਈ ਹੈ। -ਪੀਟੀਆਈ



Most Read

2024-09-20 23:40:07