Breaking News >> News >> The Tribune


ਭੁਪੇਂਦਰ ਹੁੱਡਾ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ


Link [2022-03-18 06:54:43]



ਨਵੀਂ ਦਿੱਲੀ, 17 ਮਾਰਚ

ਕਾਂਗਰਸ ਦੇ ਜੀ-23 ਨੇਤਾਵਾਂ ਦੀ ਅਹਿਮ ਮੀਟਿੰਗ ਤੋਂ ਇੱਕ ਦਿਨ ਮਗਰੋਂ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਭੁਪੇਂਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਜ ਸੂਬਿਆਂ ਦੀਆਂ ਅਸੈਂਬਲੀ ਚੋਣਾਂ ਵਿੱਚ ਮਿਲੀ ਹਾਰ ਬਾਰੇ ਚਰਚਾ ਕੀਤੀ ਗਈ ਹੈ। ਸੂਤਰਾਂ ਮੁਤਾਬਕ ਗੁਲਾਮ ਨਬੀ ਆਜ਼ਾਦ ਵੱਲੋਂ ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ। ਇਸੇ ਦੌਰਾਨ ਜੀ-23 ਗਰੁੱਪ ਨੇ ਅੱਜ ਮੀਟਿੰਗਾਂ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਜ਼ੋਰ ਦਿੱਤਾ ਕਿ ਉਹ ਪਾਰਟੀ ਵਿੱਚ ਰਹਿ ਕੇ ਹੀ ਇਸ ਵਿੱਚ ਸੁਧਾਰ ਅਤੇ ਮਜ਼ਬੂਤੀ ਲਈ ਲੜਨਗੇ। ਸੂੁਤਰਾਂ ਅਨੁਸਾਰ ਸ੍ਰੀ ਹੁੱਡਾ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ 'ਜੀ-23' ਨੇਤਾਵਾਂ ਨੂੰ ਕਿਸੇ ਵੀ ਅਹੁਦੇ ਇੱਛਾ ਨਹੀਂ ਹੈ ਪਰ ਉਹ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਹਨ।

ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਨੇ 'ਜੀ-23' ਗਰੁੱਪ ਦੇ ਮੈਂਬਰ ਗੁਲਾਮ ਨਬੀ ਆਜ਼ਾਦ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਹੁੱਡਾ ਤੇ ਆਜ਼ਾਦ ਵੱਲੋਂ ਬੁੱਧਵਾਰ ਨੂੰ ਹੋਈ ਮੀਟਿੰਗ ਵਿਚਲੀ ਚਰਚਾ ਤੋਂ ਅੱਗੇ ਦੀ ਰਣਨੀਤੀ 'ਤੇ ਗੱਲਬਾਤ ਕੀਤੀ ਗਈ ਹੈ। ਸੂਤਰਾਂ ਮੁਤਾਬਕ ਰਾਜ ਸਭਾ ਵਿੱਚ ਕਾਂਗਰਸ ਦੇ ਉੱਪ ਨੇਤਾ ਅਤੇ ਜੀ-23 ਦੇ ਇੱਕ ਹੋਰ ਆਗੂੁ ਆਨੰਦ ਸ਼ਰਮਾ ਵਿੱਚ ਆਜ਼ਾਦ ਦੀ ਰਿਹਾਇਸ਼ 'ਤੇ ਹੁੱਡਾ ਨਾਲ ਸ਼ਾਮਲ ਹੋਏ ਅਤੇ ਰਾਹੁਲ ਨਾਲ ਹੋਈ ਗੱਲਬਾਤ ਬਾਰੇ ਚਰਚਾ ਕੀਤੀ। ਦੇਰ ਸ਼ਾਮ ਕਪਿਲ ਸਿੱਬਲ ਵੀ ਆਜ਼ਾਦ ਦੀ ਰਿਹਾਇਸ਼ 'ਤੇ ਗਏ।

ਜੀ-23 ਦੇ ਬਿਆਨ ਅਤੇ ਗੁਲਾਮ ਨਬੀ ਆਜ਼ਾਦ ਵੱਲੋਂ ਆਪਣੀ ਰਿਹਾਇਸ਼ 'ਤੇ ਬੁੱਧਵਾਰ ਨੂੰ ਹੋਈ ਮੀਟਿੰਗ ਮਗਰੋਂ ਰਾਹੁਲ ਗਾਂਧੀ ਦੀ ਹੁੱਡਾ ਨਾਲ ਮੁਲਾਕਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ। -ਪੀਟੀਆਈ



Most Read

2024-09-22 06:31:59