Breaking News >> News >> The Tribune


ਮੁਲਕ ਨੂੰ ਆਤਮ-ਨਿਰਭਰ ਬਣਾਉਣ ਦੇ ਟੀਚੇ ’ਤੇ ਨਜ਼ਰ ਰੱਖਣ ਦੀ ਲੋੜ: ਮੋਦੀ


Link [2022-03-18 06:54:43]



ਦੇਹਰਾਦੂਨ, 17 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸੂਰੀ ਦੇ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਪ੍ਰਸ਼ਾਸਨ ਅਕੈਡਮੀ ਦੇ ਟਰੇਨੀ ਆਈਏਐੱਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਭਾਰਤ ਨੂੰ ਆਤਮ-ਨਿਰਭਰ ਅਤੇ ਆਧੁਨਿਕ ਬਣਾਉਣ ਦੇ ਸਭ ਤੋਂ ਵੱਡੇ ਟੀਚੇ ਨੂੰ ਆਪਣੀ ਨਜ਼ਰ ਰੱਖਣ। ਇੰਸਟੀਚਿਊਟ ਦੇ 96ਵੇਂ ਕਾਮਨ ਫਾਊਂਡੇਸ਼ਨ ਕੋਰਸ ਦੀ ਸਮਾਪਤੀ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਜੋ ਨਵਾਂ ਆਲਮੀ ਪ੍ਰਬੰਧ ਬਣ ਰਿਹਾ ਹੈ, ਉਸ 'ਚ ਭਾਰਤ ਨੇ ਆਪਣੀ ਭੂਮਿਕਾ ਵਧਾਉਣੀ ਹੈ ਅਤੇ ਤੇਜ਼ ਰਫ਼ਤਾਰ ਨਾਲ ਆਪਣਾ ਵਿਕਾਸ ਵੀ ਯਕੀਨੀ ਬਣਾਉਣਾ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਸਿਵਲ ਸੇਵਾਵਾਂ ਦੇ ਟਰੇਨੀਆਂ ਦੇ ਕਈ ਬੈਚਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਪਰ ਤੁਹਾਡਾ ਬੈਚ ਕੁਝ ਖਾਸ ਹੈ ਕਿਉਂਕਿ ਤੁਸੀਂ ਉਸ ਸਮੇਂ ਪਾਸਆਊਟ ਹੋ ਰਹੇ ਜਦੋਂ ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜਦੋਂ ਮੁਲਕ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋ ਜਾਣਗੇ ਤਾਂ ਵੀ ਤੁਸੀਂ ਸੇਵਾਵਾਂ ਨਿਭਾਅ ਰਹੇ ਹੋਵੋਗੇ।'' ਉਨ੍ਹਾਂ ਟਰੇਨੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੇਵਾ ਅਤੇ ਫਰਜ਼ ਦੀ ਭਾਵਨਾ ਨੂੰ ਹਮੇਸ਼ਾ ਧਿਆਨ 'ਚ ਰੱਖਣ। 'ਅਥਾਰਿਟੀ ਅਤੇ ਤਾਕਤ ਦੀ ਭਾਵਨਾ ਵਿਅਕਤੀਆਂ ਅਤੇ ਅਦਾਰਿਆਂ ਦਾ ਨੁਕਸਾਨ ਕਰਦੀਆਂ ਹਨ। ਤੁਹਾਨੂੰ ਫਾਈਲਾਂ ਅਤੇ ਖੇਤਰ ਦੇ ਕੰਮਕਾਜ ਦੇ ਫਰਕ ਨੂੰ ਸਮਝਣਾ ਪਵੇਗਾ। ਫਾਈਲ 'ਚ ਤੁਹਾਨੂੰ ਅਸਲੀ ਗੱਲ ਨਹੀਂ ਮਿਲੇਗੀ, ਫੀਲਡ ਲਈ ਤੁਹਾਨੂੰ ਉਸ ਨਾਲ ਜੁੜੇ ਰਹਿਣਾ ਪਵੇਗਾ। ਫਾਈਲ 'ਚ ਜਿਹੜੇ ਅੰਕੜੇ ਹੁੰਦੇ ਹਨ, ਉਹ ਸਿਰਫ਼ ਨੰਬਰ ਨਹੀਂ ਹੁੰਦੇ ਹਨ। ਹਰ ਇਕ ਅੰਕੜੇ ਦੇ ਮਹੱਤਵ ਨੂੰ ਸਮਝਣਾ ਪਵੇਗਾ।' ਪ੍ਰਧਾਨ ਮੰਤਰੀ ਨੇ ਟਰੇਨੀ ਅਧਿਕਾਰੀਆਂ ਨੂੰ ਆਪਣੇ ਕਾਰਜਕਾਲ ਦੌਰਾਨ ਖੇਤਰ ਲਈ ਪੰਜ ਤੋਂ ਸੱਤ ਚੁਣੌਤੀਆਂ ਚੁਣਨ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਕਿਹਾ ਤਾਂ ਜੋ ਲੋਕ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਣ। ਆਪਣੇ ਸੰਬੋਧਨ ਤੋਂ ਪਹਿਲਾਂ ਸ੍ਰੀ ਮੋਦੀ ਨੇ ਅਕੈਡਮੀ ਦੇ ਨਵੇਂ ਸਪੋਰਟਸ ਕੰਪਲੈਕਸ ਦਾ ਵੀ ਉਦਘਾਟਨ ਕੀਤਾ। -ਪੀਟੀਆਈ



Most Read

2024-09-22 06:22:53