Breaking News >> News >> The Tribune


ਸੋਨੀਆ ਗਾਂਧੀ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਵਿਚਾਰ ਚਰਚਾ


Link [2022-03-17 06:34:46]



ਮਨਧੀਰ ਸਿੰਘ ਦਿਓਲਨਵੀਂ ਦਿੱਲੀ, 16 ਮਾਰਚ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਮਗਰੋਂ ਹੋਈ ਇਹ ਮੀਟਿੰਗ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਸ੍ਰੀਮਤੀ ਗਾਂਧੀ ਨੇ ਬੀਤੇ ਦਿਨ ਪੰਜਾਬ ਸਣੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੇ ਸੂਬਾ ਕਾਂਗਰਸ ਪ੍ਰਧਾਨਾਂ ਤੋਂ ਵੀ ਅਸਤੀਫ਼ੇ ਮੰਗ ਲਏ ਸਨ। ਇਨ੍ਹਾਂ ਰਾਜਾਂ ਵਿੱਚ ਨਮੋਸ਼ੀਜਨਕ ਹਾਰ ਮਗਰੋਂ ਪਾਰਟੀ ਵਿੱਚ ਕੌਮੀ ਪੱਧਰ 'ਤੇ ਉੱਥਲ-ਪੁਥਲ ਮੱਚ ਗਈ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਨਾਲ ਮੀਟਿੰਗ ਦੌਰਾਨ ਕੁਝ ਸੰਸਦ ਮੈਂਬਰਾਂ ਨੇ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਦੀ ਭੂਮਿਕਾ ਉਪਰ ਵੀ ਉਂਗਲ ਉਠਾਈ। ਮੀਟਿੰਗ ਵਿੱਚ ਗੁਰਜੀਤ ਸਿੰਘ ਔਜਲਾ, ਚੌਧਰੀ ਸੰਤੋਖ ਸਿੰਘ, ਰਵਨੀਤ ਸਿੰਘ ਬਿੱਟੂ ਤੇ ਜਸਵੀਰ ਸਿੰਘ ਡਿੰਪਾ ਸ਼ਾਮਲ ਹੋਏ। ਸੂਤਰਾਂ ਮੁਤਾਬਕ ਸ੍ਰੀਮਤੀ ਗਾਂਧੀ ਨੇ ਇਸ ਬੈਠਕ ਵਿੱਚ ਸ਼ਾਮਲ ਸੰਸਦ ਮੈਂਬਰਾਂ ਤੋਂ ਉਨ੍ਹਾਂ ਦੇ ਲੋਕ ਸਭਾ ਖੇਤਰਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਸੂਤਰਾਂ ਨੇ ਦੱਸਿਆ ਕਿ ਸੰਸਦ ਮੈਂਬਰਾਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਦਿੱਲੀ ਦੇ ਕਾਂਗਰਸੀ ਆਗੂ ਅਜੈ ਮਾਕਨ ਖ਼ਿਲਾਫ਼ ਖਾਸੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕੁਝ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਵੀ ਨਿਸ਼ਾਨੇ 'ਤੇ ਲਿਆ। ਟਿਕਟਾਂ ਦੀ ਵੰਡ ਸਮੇਂ ਪੈਸੇ ਲੈਣ ਦੀ ਗੱਲ ਵੀ ਬਾਹਰ ਆਈ ਹੈ। ਇਹ ਬੈਠਕ ਕਰੀਬ 50 ਮਿੰਟ ਤੱਕ ਚੱਲੀ।

'ਜੀ-23' ਆਗੂਆਂ ਵੱਲੋਂ ਨਵੇਂ ਲੀਡਰਸ਼ਿਪ ਮਾਡਲ ਦੀ ਲੋੜ 'ਤੇ ਜ਼ੋਰ

ਨਵੀਂ ਦਿੱਲੀ:

ਮੁੱਖ ਅੰਸ਼

ਆਜ਼ਾਦ ਦੀ ਰਿਹਾਇਸ਼ 'ਤੇ ਕੀਤੀ ਮੀਟਿੰਗ

ਕਾਂਗਰਸ ਦੇ 'ਜੀ-23' ਗਰੁੱਪ ਦੇ ਕੁਝ ਆਗੂਆਂ ਨੇ ਅੱਜ ਵਿਰੋਧੀ ਧਿਰ ਦੇ ਸਾਬਕਾ ਆਗੂ ਗ਼ੁਲਾਮ ਨਬੀ ਆਜ਼ਾਦ ਦੀ ਰਿਹਾਇਸ਼ 'ਤੇ ਮੀਟਿੰਗ ਕੀਤੀ। ਜੀ-23 ਆਗੂਆਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਕਾਂਗਰਸ ਨੂੰ ਸਮੂਹਿਕ ਤੇ ਸਾਰਿਆਂ ਨੂੰ ਮਿਲਾ ਕੇ ਅੱਗੇ ਵਧਣ ਵਾਲੇ ਲੀਡਰਸ਼ਿਪ ਮਾਡਲ ਦੀ ਲੋੜ ਹੈ ਤੇ ਹਰ ਪੱਧਰ ਉਤੇ ਫ਼ੈਸਲੇ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਇਕੋ ਜਿਹੀ ਵਿਚਾਰਧਾਰਾਂ ਵਾਲੀਆਂ ਤਾਕਤਾਂ ਨਾਲ ਸੰਵਾਦ ਆਰੰਭੇ ਤਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਇਕ ਭਰੋਸੇਯੋਗ ਬਦਲ ਵਾਸਤੇ ਰਾਹ ਪੱਧਰਾ ਕੀਤਾ ਜਾ ਸਕੇ। ਪਹਿਲਾਂ ਇਹ ਬੈਠਕ ਕਪਿਲ ਸਿੱਬਲ ਦੀ ਰਿਹਾਇਸ਼ ਉਤੇ ਕੀਤੀ ਜਾਣੀ ਸੀ ਪਰ ਐਨ ਆਖ਼ਰੀ ਮੌਕੇ ਥਾਂ ਬਦਲ ਦਿੱਤੀ ਗਈ। ਇਸ ਮੀਟਿੰਗ ਵਿਚ ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਤੇ ਸੰਦੀਪ ਦੀਕਸ਼ਿਤ ਸ਼ਾਮਲ ਹੋਏ। ਇਸ ਵਾਰ ਗਰੁੱਪ ਦਾ ਦਾਇਰਾ ਵਧ ਗਿਆ ਤੇ ਸੰਸਦ ਮੈਂਬਰ ਪ੍ਰਨੀਤ ਕੌਰ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ, ਸਾਬਕਾ ਕੇਂਦਰੀ ਮੰਤਰੀ ਮਣੀ ਸ਼ੰਕਰ ਅੱਈਅਰ ਤੇ ਹਰਿਆਣਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਵੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ 23 ਆਗੂਆਂ ਦੇ ਇਸ ਗਰੁੱਪ ਨੇ ਦੂਜੇ ਕਾਂਗਰਸੀ ਆਗੂਆਂ ਨੂੰ ਵੀ ਬੈਠਕ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਇਸ ਮੌਕੇ ਗਰੁੱਪ ਦੀ ਭਵਿੱਖੀ ਰਣਨੀਤੀ ਤੇ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਬਾਰੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਐਤਵਾਰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਲਏ ਗਏ ਫੈ਼ਸਲਿਆਂ ਬਾਰੇ ਵੀ ਜਾਣੂ ਕਰਾਇਆ ਗਿਆ। ਜੀ-23 ਦੇ ਮੈਂਬਰ ਦੋ ਪ੍ਰਮੁੱਖ ਆਗੂਆਂ ਆਜ਼ਾਦ ਤੇ ਸ਼ਰਮਾ ਨੇ ਬਾਕੀ ਮੈਂਬਰਾਂ ਨੂੰ ਵਰਕਿੰਗ ਕਮੇਟੀ ਦੇ ਫ਼ੈਸਲਿਆਂ ਤੋਂ ਇਲਾਵਾ ਪਾਰਟੀ ਦੀ ਮਜ਼ਬੂਤੀ ਬਾਰੇ ਹੋਈ ਚਰਚਾ ਬਾਰੇ ਵੀ ਜਾਣੂ ਕਰਾਇਆ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਰੱਖੇ ਆਪਣੇ ਪੱਖ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਸ ਮੌਕੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਪਾਰਟੀ ਵਿਚ ਉਪਰਲੇ ਪੱਧਰ ਤੱਕ ਸੁਧਾਰਾਂ ਦੀ ਲੋੜ ਹੈ ਤਾਂ ਕਿ ਆਗਾਮੀ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਸੁਧਾਰੀ ਜਾ ਸਕੇ। ਜ਼ਿਕਰਯੋਗ ਹੈ ਕਿ ਜੀ-23 ਗਰੁੱਪ ਪਹਿਲਾਂ ਵੀ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕਰਦਾ ਰਿਹਾ ਹੈ ਤੇ ਜਥੇਬੰਦਕ ਪੁਨਰਗਠਨ ਦੀ ਮੰਗ ਕਰਦਾ ਰਿਹਾ ਹੈ। ਆਗੂਆਂ ਦੇ ਸਮੂਹ ਨੇ 2020 ਵਿਚ ਸੋਨੀਆ ਗਾਂਧੀ ਨੂੰ ਪੱਤਰ ਵੀ ਲਿਖਿਆ ਸੀ। -ਪੀਟੀਆਈ

ਚੋਣ ਨਤੀਜਿਆਂ ਮਗਰੋਂ ਪੰਜ ਰਾਜਾਂ ਵਿੱਚ ਸਥਿਤੀ ਦੇ ਜਾਇਜ਼ੇ ਲਈ ਆਗੂ ਨਿਯੁਕਤ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਪੰਜ ਰਾਜਾਂ ਵਿਚ ਮਾੜੀ ਚੋਣ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਸੀਨੀਅਰ ਆਗੂਆਂ ਦੀ ਨਿਯੁਕਤੀ ਹੈ। ਇਹ ਆਗੂ ਪਾਰਟੀ ਪ੍ਰਧਾਨ ਨੂੰ ਜਥੇਬੰਦਕ ਫੇਰਬਦਲ ਬਾਰੇ ਵੀ ਸੁਝਾਅ ਦੇਣਗੇ। ਰਾਜ ਸਭਾ ਸੰਸਦ ਮੈਂਬਰ ਰਜਨੀ ਪਾਟਿਲ ਨੂੰ ਗੋਆ, ਜੈਰਾਮ ਰਮੇਸ਼ ਨੂੰ ਮਨੀਪੁਰ, ਅਜੈ ਮਾਕਨ ਨੂੰ ਪੰਜਾਬ, ਪਾਰਟੀ ਆਗੂ ਜਿਤੇਂਦਰ ਸਿੰਘ ਨੂੰ ਯੂਪੀ ਤੇ ਅਵਿਨਾਸ਼ ਪਾਂਡੇ ਨੂੰ ਉੱਤਰਾਖੰਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਂਗਰਸ ਵੱਲੋਂ ਨਿਯੁਕਤ ਆਗੂ ਸੂਬਿਆਂ ਦੇ ਉਮੀਦਵਾਰਾਂ ਤੇ ਹੋਰਨਾਂ ਅਹਿਮ ਆਗੂਆਂ ਤੋਂ ਜਥੇਬੰਦਕ ਢਾਂਚੇ ਵਿਚ ਫੇਰਬਦਲ ਬਾਰੇ ਸੁਝਾਅ ਲੈਣਗੇ। -ਪੀਟੀਆਈ



Most Read

2024-09-22 06:43:21