Breaking News >> News >> The Tribune


ਭਾਰਤ ਦਾ ਮਿਜ਼ਾਈਲ ਢਾਂਚਾ ਭਰੋਸੇਯੋਗ ਤੇ ਸੁਰੱਖਿਅਤ: ਰਾਜਨਾਥ


Link [2022-03-16 05:34:18]



ਨਵੀਂ ਦਿੱਲੀ, 15 ਮਾਰਚ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ਵਿਚ ਕਿਹਾ ਕਿ ਭਾਰਤ ਦਾ ਮਿਜ਼ਾਈਲ ਢਾਂਚਾ ਭਰੋਸੇਯੋਗ ਹੈ ਤੇ ਸੁਰੱਖਿਆ ਦੇ ਮਾਪਦੰਡ ਬਹੁਤ ਮਿਆਰੀ ਹਨ। ਰੱਖਿਆ ਮੰਤਰੀ ਨੇ ਹਾਲ ਹੀ ਵਿਚ ਭਾਰਤ ਦੀ ਮਿਜ਼ਾਈਲ ਪਾਕਿਸਤਾਨ 'ਚ ਡਿੱਗਣ ਦੀ ਘਟਨਾ ਉਤੇ 'ਅਫ਼ਸੋਸ' ਜ਼ਾਹਿਰ ਕਰਦਿਆਂ ਕਿਹਾ ਕਿ ਰੱਖ-ਰਖਾਅ ਤੇ ਅਪਰੇਸ਼ਨ ਸਬੰਧੀ ਪੈਮਾਨਿਆਂ ਦੀ ਮੁੜ ਤੋਂ ਸਮੀਖ਼ਿਆ ਕੀਤੀ ਜਾ ਰਹੀ ਹੈ, ਜੇ ਕੋਈ ਵੀ ਕਮੀ ਲੱਭਦੀ ਹੈ ਤਾਂ ਤੁਰੰਤ ਇਸ ਨੂੰ ਸੋਧਿਆ ਜਾਵੇਗਾ। ਰਾਜ ਸਭਾ ਤੇ ਲੋਕ ਸਭਾ ਵਿਚ ਬਿਆਨ ਜਾਰੀ ਕਰਦਿਆਂ ਰਾਜਨਾਥ ਨੇ ਕਿਹਾ ਕਿ 9 ਮਾਰਚ, 2022 ਨੂੰ ਨਿਰੀਖ਼ਣ ਦੌਰਾਨ ਅਣਜਾਣੇ ਵਿਚ ਮਿਜ਼ਾਈਲ ਲਾਂਚ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਤੇ ਉੱਚ ਪੱਧਰੀ ਜਾਂਚ ਬਿਠਾਈ ਗਈ ਹੈ ਜੋ ਇਸ ਘਟਨਾ ਦੇ ਅਸਲ ਕਾਰਨ ਦਾ ਪਤਾ ਲਾਏਗੀ। ਰੱਖਿਆ ਮੰਤਰੀ ਨੇ ਕਿਹਾ ਕਿ ਰੁਟੀਨ ਰੱਖ-ਰਖਾਅ ਤੇ ਨਿਰੀਖ਼ਣ ਦੌਰਾਨ ਇਕ ਮਿਜ਼ਾਈਲ ਗਲਤੀ ਨਾਲ ਸ਼ਾਮ ਕਰੀਬ ਸੱਤ ਵਜੇ ਦਾਗੀ ਗਈ ਸੀ। ਇਹ ਮਗਰੋਂ ਪਤਾ ਲੱਗਾ ਕਿ ਮਿਜ਼ਾਈਲ ਪਾਕਿਸਤਾਨੀ ਖੇਤਰ ਵਿਚ ਡਿੱਗ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਘਟਨਾ ਉਤੇ ਅਫ਼ਸੋਸ ਹੈ। ਭਾਰਤ ਇਸ ਗੱਲ ਲਈ ਰਾਹਤ ਮਹਿਸੂਸ ਕਰਦਾ ਹੈ ਕਿ ਇਸ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ। ਮੰਤਰੀ ਨੇ ਨਾਲ ਹੀ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਇਸ ਤਰ੍ਹਾਂ ਦੇ ਸਿਸਟਮ ਨੂੰ ਸੰਭਾਲਣ ਲਈ ਪੂਰੇ ਸਿੱਖਿਅਤ ਤੇ ਅਨੁਸ਼ਾਸਿਤ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਿਛਲੇ ਵੀਰਵਾਰ ਕਿਹਾ ਸੀ ਕਿ ਭਾਰਤ ਵੱਲੋਂ ਲਾਂਚ ਬਿਨਾਂ ਅਸਲੇ ਦੀ ਇਕ ਮਿਜ਼ਾਈਲ ਉਨ੍ਹਾਂ ਦੇ ਖੇਤਰ ਵਿਚ ਡਿਗੀ ਹੈ। -ਪੀਟੀਆਈ

ਅਮਰੀਕਾ ਨੇ ਭਾਰਤ ਦੇ ਪੱਖ ਦੀ ਪੁਸ਼ਟੀ ਕੀਤੀ

ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਭਾਰਤ 'ਚੋਂ ਲਾਂਚ ਮਿਜ਼ਾਈਲ ਜੋ ਪਾਕਿਸਤਾਨ ਵਿਚ ਡਿਗੀ ਸੀ, 'ਹਾਦਸੇ ਤੋਂ ਬਿਨਾਂ ਕੁਝ ਹੋਰ ਸੀ।' ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਭਾਰਤ ਨੇ ਵੀ ਕਿਹਾ ਹੈ ਕਿ ਇਹ ਇਕ ਹਾਦਸਾ ਸੀ ਤੇ ਅਫ਼ੋਸਸ ਜ਼ਾਹਿਰ ਕੀਤਾ ਹੈ।

ਭਾਰਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਪਾਕਿ; ਸਾਂਝੀ ਜਾਂਚ ਮੰਗੀ

ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮਿਜ਼ਾਈਲ ਲਾਂਚ ਬਾਰੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਨੂੰ 'ਅਧੂਰਾ ਤੇ ਨਾਕਾਫ਼ੀ ਦੱਸਿਆ ਹੈ।' ਉਨ੍ਹਾਂ ਕਿਹਾ ਕਿ ਪਾਕਿ ਇਸ ਜਵਾਬ ਤੋਂ ਸੰਤੁਸ਼ਤ ਨਹੀਂ ਹੈ। ਕੁਰੈਸ਼ੀ ਨੇ ਸਾਂਝੀ ਜਾਂਚ ਦੀ ਮੰਗ ਕੀਤੀ ਹੈ। -ਪੀਟੀਆਈ



Most Read

2024-09-22 08:45:19